ਅੰਮ੍ਰਿਤਸਰ, 18 ਸਤੰਬਰ 2025: ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਛੇ ਨਸ਼ਾ ਤਸਕਰਾਂ ਨੂੰ 9.066 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਦੋ ਹੋਰ ਨਸ਼ਾ ਤਸਕਰੀ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਕਾਲੇ ਘਨੂਪੁਰ ਦੇ ਹਨੀ (18 ਸਾਲ), ਪਰਮਦੀਪ ਸਿੰਘ ਉਰਫ਼ ਪਾਰਸ (18 ਸਾਲ) (ਜੰਡਿਆਲਾ ਗੁਰੂ), ਹਰਵਿੰਦਰ ਸਿੰਘ ਉਰਫ਼ ਹਿੰਦਾ (19 ਸਾਲ) (ਜੰਡਿਆਲਾ ਗੁਰੂ), ਅੰਮ੍ਰਿਤਸਰ ਦੇ ਪਿੰਡ ਡਾਂਡੇ ਦੇ ਗੁਰਪ੍ਰੀਤ ਸਿੰਘ ਉਰਫ਼ ਗੋਪੀ (25), ਜਸਬੀਰ ਕੌਰ (40 ਸਾਲ) ਅਤੇ ਪਿੰਡ ਹਵੇਲੀਆਂ (ਤਰਨਤਾਰਨ) ਦੀ ਕੁਲਵਿੰਦਰ ਕੌਰ (54) ਵਜੋਂ ਹੋਈ ਹੈ।
ਪੁਲਿਸ ਨੇ ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਗਾ ਸਥਿਤ ਜਗਪ੍ਰੀਤ ਸਿੰਘ ਉਰਫ਼ ਜੱਗਾ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਸਿੰਡੀਕੇਟ, ਦੇ ਮੁੱਖ ਕਾਰਕੁੰਨ ਯਾਸੀਨ ਮੁਹੰਮਦ ਨੂੰ 7.1 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਹੈ |
ਡੀਜੀਪੀ ਗੌਰਵ ਯਾਦਵ ਮੁਤਾਬਕ ਮੁੱਢਲੀ ਜਾਂਚ ਸਾਹਮਣੇ ਆਇਆ ਹੈ ਕਿ ਜੰਡਿਆਲਾ ਗੁਰੂ ਦੇ ਰਹਿਣ ਵਾਲਾ ਹਰਪ੍ਰੀਤ ਉਰਫ਼ ਹੈਪੀ ਜੱਟ ਵਿਦੇਸ਼ੀ ਗੈਂਗਸਟਰ ਦੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧੇ ਸਬੰਧ ਸੀ ਅਤੇ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਇਸ ਨੈੱਟਵਰਕ ਨੂੰ ਚਲਾ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਦੋ ਵੱਖ-ਵੱਖ ਐਫ.ਆਈ.ਆਰ ਦਰਜ ਕੀਤੀਆਂ ਹਨ ਅਤੇ ਦੋਵਾਂ ਮਾਮਲਿਆਂ ‘ਚ ਵਿਆਪਕ ਨੈੱਟਵਰਕ ਅਤੇ ਸਰਹੱਦ ਪਾਰ ਦੇ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸ਼ੁਰੂ ‘ਚ ਮੁਲਜ਼ਮ ਹਨੀ ਨੂੰ 20 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ ਅਤੇ ਹੋਰ ਜਾਂਚ ਦੌਰਾਨ ਉਸਦੇ ਸਾਥੀ ਪਰਮਦੀਪ ਸਿੰਘ ਉਰਫ਼ ਪਾਰਸ ਨੂੰ ਨਾਮਜ਼ਦ ਕੀਤਾ, ਜੋ ਬਾਅਦ ‘ਚ 5.032 ਕਿੱਲੋ ਹੈਰੋਇਨ ਨਾਲ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮਾਡਿਊਲ ਦੇ ਦੋ ਹੋਰ ਮੈਂਬਰਾਂ ,ਹਰਵਿੰਦਰ ਹਿੰਦਾ ਅਤੇ ਗੁਰਪ੍ਰੀਤ ਗੋਪੀ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ, ਜਦੋਂ ਕਿ ਪੁਲਿਸ ਟੀਮਾਂ ਨੇ ਗੁਰਪ੍ਰੀਤ ਦੇ ਕਬਜ਼ੇ ਤੋਂ 3.010 ਕਿਲੋਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ | ਜਿਸ ਨਾਲ ਇਸ ਮਾਡਿਊਲ ਤੋਂ ਕੁੱਲ ਰਿਕਵਰੀ 8.062 ਕਿਲੋਗ੍ਰਾਮ ਹੋ ਗਈ ਹੈ।
ਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਗੁਰਪ੍ਰੀਤ ਅਤੇ ਪਰਮਦੀਪ ਸਰਹੱਦ ਪਾਰ ਤੋਂ ਡਰੋਨ ਦੀ ਵਰਤੋਂ ਕਰਕੇ ਸੁੱਟੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨਿਰਧਾਰਤ ਥਾਵਾਂ – ਜਿਵੇਂ ਕੂੜੇ ਦੇ ਢੇਰ ਜਾਂ ਨਿਸ਼ਾਦੇਹੀ ਕੀਤੇ ਪੋਲਾਂ, ਤੋਂ ਪ੍ਰਾਪਤ ਕਰਦੇ ਸਨ | ਗ੍ਰਿਫ਼ਤਾਰ ਕੀਤੇ ਵਿਅਕਤੀ ਹੈਪੀ ਜੱਟ ਦੇ ਨਿਰਦੇਸ਼ਾਂ `ਤੇ ਹੈਰੋਇਨ ਦੀ ਖੇਪ ਨੂੰ ਅੱਗੇ ਸਪਲਾਈ ਕਰਦੇ ਸਨ।
Read More: Amritsar News: ਅਜਨਾਲਾ ‘ਚ ਅਣਪਛਾਤੇ ਵਿਅਕਤੀਆਂ ਨੇ ਡਾਕਟਰ ਨੂੰ ਮਾਰੀ ਗੋ.ਲੀ