ਚੰਡੀਗੜ੍ਹ/ਅੰਮ੍ਰਿਤਸਰ, 10 ਅਕਤੂਬਰ 2024: ਪੰਜਾਬ ਪੁਲਿਸ ਨੂੰ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਖ਼ਿਲਾਫ ਵੱਡੀ ਸਫਲਤਾ ਹਾਸਲ ਹੋਈ ਹੈ | ਅੰਮ੍ਰਿਤਸਰ ਪੁਲਿਸ (Amritsar police) ਨੇ ਦੋ ਭਰਾਵਾਂ ਨੂੰ 4.5 ਕਿੱਲੋ ਹੈਰੋਇਨ ਅਤੇ 4.32 ਲੱਖ ਰੁਪਏ ਦੀ ਡਰੱਗ ਮਨੀ ਸਣੇ ਗ੍ਰਿਫਤਾਰ ਕੀਤਾ ਹੈ। ਇਸਦੇ ਨਾਲ ਹੀ ਉਕਤ ਮੁਲਜ਼ਮਾਂ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਨੂੰ ਸਪਲਾਈ ਕਰਨ ਵਾਲੇ ਜੇਲ੍ਹ ਵਾਰਡਨ ਨੂੰ ਵੀ ਗ੍ਰਿਫਤਾਰ ਕੀਤਾ ਹੈ |
ਡੀਜੀਪੀ ਨੇ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਅਕਾਸ਼ ਅਤੇ ਸਤਵਿੰਦਰਪਾਲ ਸਿੰਘ ਉਰਫ ਸੱਤੀ ਵਜੋਂ ਹੋਈ ਹੈ | ਪੁਲਿਸ ਮੁਤਾਬਕ ਇਹ ਦੋਵੇਂ ਗੁਰੂ ਹਰਗੋਬਿੰਦਪੁਰਾ, ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ | ਇਸਦੇ ਨਾਲ ਹੀ ਫੜੇ ਗਏ ਮੁਲਜ਼ਮ ਜੇਲ੍ਹ ਵਾਰਡਨ ਦੀ ਪਛਾਣ ਗੁਰਮੇਜ ਸਿੰਘ, ਸਦਰ ਖਾਂ, ਮੋਗਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਕਤ ਜੇਲ੍ਹ ਵਾਰਡਨ ਕੇਂਦਰੀ ਜੇਲ੍ਹ ਅੰਮ੍ਰਿਤਸਰ ‘ਚ ਬੰਦ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀ।
ਡੀਜੀਪੀ ਗੌਰਵ ਯਾਦਵ ਦੇ ਮੁਤਾਬਕ ਮੁੱਢਲੀ ਪੜਤਾਲ ‘ਚ ਸਾਹਮਣੇ ਆਇਆ ਕਿ ਇਹ ਦੋਵੇਂ ਮੁਲਜ਼ਮ ਅਕਾਸ਼ਦੀਪ ਸਿੰਘ ਅਤੇ ਸਤਵਿੰਦਰਪਾਲ ਸਿੰਘ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਦੇ ਸਿੱਧੇ ਸੰਪਰਕ ‘ਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ਾ ਸਪਲਾਈ ਕਰਦੇ ਸਨ |
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕਾਬੂ ਕੀਤੇ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਜੇਲ੍ਹ ਵਾਰਡਨ ਗੁਰਮੇਜ ਸਿੰਘ ਨੂੰ ਹੈਰੋਇਨ ਸਪਲਾਈ ਕਰਦੇ ਸਨ, ਜੋ ਅੱਗੇ ਜੇਲ੍ਹ ‘ਚ ਬੈਠੇ ਨਸ਼ਾ ਤਸਕਰਾਂ ਨੂੰ ਨਸ਼ਾ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਪੇਸ਼ੇਵਰ ਅਤੇ ਤਕਨੀਕੀ ਜਾਂਚ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ ਐਫ.ਆਈ.ਆਰ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਹੋਰ ਸੰਬੰਧ ਸਥਾਪਿਤ ਕਰਨ ਬਾਰੇ ਜਾਂਚ ਜਾਰੀ ਹੈ |
ਇਸ ਕਾਰਵਾਈ ਬਾਰੇ ਪੁਲਿਸ ਕਮਿਸ਼ਨਰ (Amritsar police), ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ-2 ਦੀਆਂ ਟੀਮਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਦੋ ਭਰਾਵਾਂ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਇਹ ਖੇਪ ਉਨ੍ਹਾਂ ਦੇ ਨਿਵਾਸ ਗੁਰੂ ਹਰਗੋਬਿੰਦਪੁਰਾ ‘ਚ ਲੁਕਾਈ ਹੋਈ ਹੈ।
ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਡੀਸੀਪੀ ਸਿਟੀ ਅੰਮ੍ਰਿਤਸਰ ਅਭਿਮਨਿਊ ਰਾਣਾ ਆਈਪੀਐਸ, ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਮੰਡੇਰ ਅਤੇ ਏਸੀਪੀ ਵੈਸਟ ਸ਼ਿਵਦਰਸ਼ਨ ਸਿੰਘ ਦੀ ਅਗਵਾਈ ‘ਚ ਥਾਣਾ ਛੇਹਰਟਾ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਗੁਰੂ ਹਰਗੋਬਿੰਦਪੁਰਾ, ਛੇਹਰਟਾ ਅੰਮ੍ਰਿਤਸਰ ਸਥਿਤ ਡੇਰਾ ਰਾਧਾ ਸੁਆਮੀ ਨੇੜੇ ਇੱਕ ਘਰ ‘ਚੋਂ ਦੋਵੇਂ ਜਣਿਆਂ ਨੂੰ ਕਾਬੂ ਕਰ ਲਿਆ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਵਾਰਡਨ ਦੀ ਮਿਲੀਭੁਗਤ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਦੇ ਫਤਿਹਪੁਰ ਇਲਾਕੇ ਤੋਂ ਗੁਰਮੇਜ ਸਿੰਘ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਵਾਰਡਨ ਜੇਲ੍ਹ ਅੰਦਰ ਬੈਠੇ ਨਸ਼ਾ ਤਸਕਰਾਂ ਵਿਚਕਾਰ ਵਿਚੋਲੇ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜੇਲ੍ਹ ‘ਚ ਹੈਰੋਇਨ ਸਪਲਾਈ ਕੀਤੀ ਜਾ ਰਹੀ ਸੀ।