arms smuggling

ਅੰਮ੍ਰਿਤਸਰ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 3 ਜਣਿਆਂ ਨੂੰ ਕੀਤਾ ਗ੍ਰਿਫਤਾਰ, ਅਸਲਾ ਬਰਾਮਦ

ਚੰਡੀਗੜ੍ਹ/ਅੰਮ੍ਰਿਤਸਰ, 22 ਜੂਨ 2024: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅਜਨਾਲਾ ਤੋਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਮੁਤਾਬਕ ਇਹ ਅਮਰੀਕਾ ਸਥਿਤ ਤਸਕਰ ਸਰਵਣ ਸਿੰਘ ਉਰਫ਼ ਭੋਲਾ ਹਵੇਲੀਆਂ ਦੀ ਹਮਾਇਤ ਪ੍ਰਾਪਤ ਨਾਰਕੋਟਿਕਸ ਅਤੇ ਸੰਗਠਿਤ ਅਪਰਾਧ ਦੇ ਗਠਜੋੜ ਨਾਲ ਜੁੜੇ ਹੋਏ ਸਨ |

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਕਰਨਜੀਤ ਸਿੰਘ ਵਾਸੀ ਖਾਲੜਾ, ਤਰਨ ਤਾਰਨ, ਅਕਾਸ਼ ਸੇਠ ਉਰਫ਼ ਰਘੂ ਤੇ ਸੁਖਦੀਪ ਸਿੰਘ ਦੋਵੇਂ ਰਾਜਾ ਸਾਂਸੀ, ਅੰਮ੍ਰਿਤਸਰ ਦੇ ਰਹਿਣ ਵਾਲੇ ਹਨ | ਪੁਲਿਸ ਨੇ ਗ੍ਰਿਫਤਾਰ ਵਿਅਕਤੀਆਂ ਦੇ ਕਬਜ਼ੇ ’ਚੋਂ 6 ਪਿਸਤੌਲਾਂ , ਇੱਕ 9 ਐਮਐਮ ਗਲਾਕ, ਛੇ ਜਿੰਦਾ ਕਾਰਤੂਸ, 10 ਮੈਗਜ਼ੀਨ, 200 ਗ੍ਰਾਮ ਹੈਰੋਇਨ ਤੇ ਇੱਕ ਵਜ਼ਨ ਤੋਲਣ ਵਾਲੀ ਇਲੈਕਟਰਾਨਿਕ ਮਸ਼ੀਨ ਬਰਾਮਦ ਕੀਤੀ ਗਈ ਹੈ।

ਭੋਲਾ ਹਵੇਲੀਆਂ ‘ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਅਤੇ ਕਥਿਤ ਨਸ਼ਾ ਤਸਕਰ ਰਣਜੀਤ ਉਰਫ ਚੀਤਾ ਦਾ ਭਰਾ ਹੈ ਅਤੇ 532 ਕਿੱਲੋ ਹੈਰੋਇਨ ਦੇ ਕੇਸ ’ਚ ਪੁਲਿਸ ਨੂੰ ਲੋੜੀਂਦਾ ਸੀ, ਜਿਸ ਨੂੰ ਮਈ 2020 ’ਚ ਗ੍ਰਿਫਤਾਰ ਕੀਤਾ ਸੀ। ਇਸ ਕੇਸ ਦੀ ਜਾਂਚ NIA ਕਰ ਰਹੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਰਵਣ ਸਿੰਘ ਦੇ ਸਾਥੀਆਂ ਨੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਤੇ ਇਸ ਖੇਪ ਨੂੰ ਕਿਸੇ ਹੋਰ ਨੂੰ ਸੌਂਪਣ ਜਾ ਰਹੇ ਸਨ | ਜਿਨ੍ਹਾਂ ਨੂੰ ਪੁਲਿਸ ਨੇ ਪੁਲਿਸ ਚੈਕਿੰਗ ਦੌਰਾਨ ਫੜ ਲਿਆ |

ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਾ ਹੈ ਕਿ ਦੋਸ਼ੀ ਵਿਅਕਤੀ ਸਿੱਧੇ ਤੌਰ ’ਤੇ ਅਮਰੀਕਾ ਸਥਿਤ ਤਸਕਰ ਸਰਵਣ ਸਿੰਘ ਦੇ ਸੰਪਰਕ ਵਿੱਚ ਸੀ ਅਤੇ ਹਥਿਆਰ ਅਤੇ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਨੂੰ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਪੁਲਿਸ ਨੇ ਇਸ ਮਾਮਲੇ ‘ਚ FIR ਦਰਜ ਕਰਕੇ ਅਸਲਾ ਐਕਟ ਅਤੇ ਐਨਡੀਪੀਐਸ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ |

 

Scroll to Top