ਚੰਡੀਗੜ੍ਹ/ਅੰਮ੍ਰਿਤਸਰ, 03 ਜਨਵਰੀ 2025: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ (Amritsar Police) ਨੇ ਸਰਹੱਦ ਪਾਰੋਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ | ਗ੍ਰਿਫ਼ਤਾਰ ਵਿਅਕਤੀਆਂ ‘ਚ ਗਿਰੋਹ ਦਾ ਮੁੱਖ ਆਗੂ ਮਨਜੀਤ ਸਿੰਘ ਉਰਫ਼ ਭੋਲਾ ਵਾਸੀ ਪਿੰਡ ਝੰਜੋਟੀ, ਅਜਨਾਲਾ ਵੀ ਸ਼ਾਮਲ ਹੈ।
ਪੁਲਿਸ ਮੁਤਾਬਕ ਬਾਕੀ 11 ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਅਨਿਕੇਤ ਵਰਮਾ (ਵਾਸੀ ਛੇਹਰਟਾ), ਜੋਬਨਪ੍ਰੀਤ ਸਿੰਘ ਉਰਫ਼ ਜੋਬਨ (ਛੇਹਰਟਾ), ਬਬਲੀ ਵਾਸੀ ਨਰਾਇਣਗੜ੍ਹ, (ਛੇਹਰਟਾ), ਹਰਪ੍ਰੀਤ ਸਿੰਘ ਉਰਫ ਹੈਪੀ (ਗੁਰੂ ਕੀ ਵਡਾਲੀ), ਅੰਮ੍ਰਿਤਪਾਲ ਸਿੰਘ ਵਾਸੀ ਨਰਾਇਣਗੜ੍ਹ, (ਛੇਹਰਟਾ), ਰੇਸ਼ਮਾ ਵਾਸੀ ਕਰਤਾਰ ਨਗਰ,(ਛੇਹਰਟਾ), ਹਰਸ਼ਪ੍ਰੀਤ ਸਿੰਘ ਵਾਸੀ ਪਿੰਡ ਠੰਡਾ (ਅੰਮ੍ਰਿਤਸਰ), ਮਨਦੀਪ ਸਿੰਘ ਪਿੰਡ ਫਤਿਹਪੁਰ (ਅੰਮ੍ਰਿਤਸਰ), ਲਵਪ੍ਰੀਤ ਸਿੰਘਪਿੰਡ ਫਤਿਹਪੁਰ (ਅੰਮ੍ਰਿਤਸਰ), ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਫਤਿਹਪੁਰ ਅਤੇ ਅਕਾਸ਼ਦੀਪ ਸਿੰਘ ਉਰਫ਼ ਅਰਸ਼ (ਵਾਸੀ ਛੇਹਰਟਾ) ਵਜੋਂ ਹੋਈ ਹੈ।
ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 2.19 ਕਿਲੋ ਹੈਰੋਇਨ, ਤਿੰਨ ਅਤਿ ਆਧੁਨਿਕ ਪਿਸਤੌਲ (ਦੋ ਆਟੋਮੈਟਿਕ ਪਿਸਤੌਲਾਂ ਸਮੇਤ), 2.60 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਟੋਇਟਾ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੁਤਾਬਕ ਉਕਤ ਗਿਰੋਹ ਦਾ ਸਰਗਨਾ ਮਨਜੀਤ ਉਰਫ਼ ਭੋਲਾ ਪਾਕਿਸਤਾਨ ਸਥਿਤ ਸਮੱਗਲਰਾਂ/ਹੈਂਡਲਰਾਂ ਨਾਲ ਸਿੱਧੇ ਸੰਪਰਕ ‘ਚ ਸੀ ਅਤੇ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਡਰੋਨ ਦੀ ਮੱਦਦ ਨਾਲ ਖੇਪ ਰਮਦਾਸ ਅਤੇ ਅਜਨਾਲਾ ਸਰਹੱਦੀ ਸੈਕਟਰਾਂ ‘ਤੇ ਸੁੱਟੀ ਜਾਂਦੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਹੋਰ ਕੜੀਆਂ ਜੋੜਨ ਲਈ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ (Amritsar Police) ਕਮਿਸ਼ਨਰ (ਸੀ.ਪੀ.) ਅੰਮਿ੍ਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਥਿਤ ਦੋਸ਼ੀ ਅਨਿਕੇਤ ਨਸ਼ਾ ਤਸਕਰੀ ਦੇ ਧੰਦੇ ‘ਚ ਸ਼ਾਮਿਲ ਹੋਣ ਦੀ ਠੋਸ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ | ਉਨ੍ਹਾਂ ਕਿਹਾ ਕਿ ਅਨਿਕੇਤ ਦੀ ਗ੍ਰਿਫਤਾਰੀ ਨੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ ਅਤੇ ਮੁੱਖ ਸਰਗਨਾ ਮਨਜੀਤ ਉਰਫ ਭੋਲਾ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ ਪੰਜ ਮੁਲਜ਼ਮਾਂ ਨੂੰ ਜੰਮੂ-ਕਸ਼ਮੀਰ ਪੁਲਿਸ ਦੀ ਮਦਦ ਨਾਲ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਜਾਂਚ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਮਨਜੀਤ ਉਰਫ਼ ਭੋਲਾ ਨੇ ਗ੍ਰਿਫਤਾਰ ਕੀਤੀ ਔਰਤ ਬਬਲੀ ਜੋ ਕਿ ਇੱਕ ਆਂਗਣਵਾੜੀ ਵਰਕਰ ਹੈ, ਉਸਦੇ ਘਰ ਦੀ ਵਰਤੋਂ ਕੀਤੀ ਸੀ ਅਤੇ ਇਨ੍ਹਾਂ ਖੇਪਾਂ ਨੂੰ ਅੱਗੇ ਵੰਡਣ ‘ਚ ਆਪਣੇ ਸਾਥੀਆਂ ਦੀ ਮਦਦ ਲਈ ਸੀ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਹੋਰ ਗ੍ਰਿਫਤਾਰੀਆਂ ਅਤੇ ਜ਼ਬਤੀ ਹੋਣ ਦੀ ਸੰਭਾਵਨਾ ਹੈ।