Amritsar: ਅੰਮ੍ਰਿਤਸਰ ‘ਚ ਕੋਈ ਗ੍ਰਨੇਡ ਧ.ਮਾ.ਕਾ ਨਹੀਂ ਹੋਇਆ- ਗੁਰਪ੍ਰੀਤ ਸਿੰਘ ਭੁੱਲਰ

– ਸੀਪੀ ਅੰਮ੍ਰਿਤਸਰ ਨੇ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਕੀਤੀ ਅਪੀਲ, ਅਫਵਾਹ ਫੈਲਾਉਣ ਵਾਲਿਆਂ ਨੂੰ ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ

ਅੰਮ੍ਰਿਤਸਰ, 4 ਫਰਵਰੀ 2025: ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ (Fatehgarh Churian Road) ਰੋਡ ‘ਤੇ ਸਥਿਤ ਬੰਦ ਪਈ ਪੁਲਿਸ ਚੌਕੀ ਨੇੜੇ ਰਹੱਸਮਈ ਧਮਾਕੇ ਵਰਗੀ ਆਵਾਜ਼ ਸੁਣਨ ਉਪਰੰਤ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ (Gurpreet Singh Bhullar) ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਤੁਰੰਤ ਘਟਨਾ ਸਥਾਨ ਦਾ ਦੌਰਾ ਕੀਤਾ।

ਸੀਪੀ ਭੁੱਲਰ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਆਵਾਜ਼ ਕਿਸੇ ਗਰਨੇਡ ਧਮਾਕੇ ਕਾਰਨ ਨਹੀਂ ਹੋਈ ਹੈ, ਪਰ ਪੁਲਿਸ ਇਸ ਸੰਭਾਵਨਾ ਤੋਂ ਮੁਕੰਮਲ ਤੌਰ ‘ਤੇ ਇਨਕਾਰ ਨਹੀਂ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਦਾ ਪ੍ਰਭਾਵ ਬਹੁਤ ਘੱਟ ਸੀ ਅਤੇ ਮੱਢਲੇ ਤੌਰ ‘ਤੇ ਧਮਾਕੇ ਦਾ ਕੋਈ ਸੰਕੇਤ ਨਹੀਂ ਲੱਗਦਾ ਹੈ। ਉਹਨਾਂ ਅੱਗੇ ਕਿਹਾ ਕਿ ਹਾਲਾਂਕਿ, ਅਸੀਂ ਇਸ ਆਵਾਜ਼ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ।

ਇਸ ਘਟਨਾ ਬਾਰੇ ਦੱਸਦਿਆਂ ਸੀਪੀ ਭੁੱਲਰ ਨੇ ਕਿਹਾ ਕਿ ਪੁਲਿਸ ਵੱਲੋਂ ਮੇਨ ਅੰਮ੍ਰਿਤਸਰ ਬਾਈਪਾਸ ਨੇੜੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਪੁਲੀਸ ਚੈਕਿੰਗ ਪੁਆਇੰਟ (ਨਾਕਾ) ਲਾਇਆ ਹੋਇਆ ਸੀ। ਉਹਨਾਂ ਅੱਗੇ ਦੱਸਿਆ ਕਿ ਡਿਊਟੀ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਧਮਾਕੇ ਵਰਗੀ ਆਵਾਜ਼ ਸੁਣੀ ਅਤੇ ਤੁਰੰਤ ਪ੍ਰਤੀਕਿਰਿਆ ਕੀਤੀ ਅਤੇ ਚੌਰਾਹੇ ਤੋਂ ਲਗਭਗ 20-30 ਫੁੱਟ ਦੂਰ ਸੜਕ ‘ਤੇ ਇੱਕ ਛੋਟਾ ਜਿਹਾ ਪ੍ਰਭਾਵ ਦੇਖਿਆ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਘਟਨਾ ਨਾਲ ਨਜਦੀਕੀ ਕੰਧ ਵੀ ਪ੍ਰਭਾਵਿਤ ਨਹੀਂ ਹੋਈ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਥਾਨ ’ਤੇ ਕੋਈ ਪੁਲੀਸ ਚੌਕੀ ਨਹੀਂ ਹੈ, ਕਿਉਂਕਿ ਹਰ ਕੋਈ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਇਹ ਚੌਕੀ ਕੁਝ ਮਹੀਨੇ ਪਹਿਲਾਂ ਬੰਦ ਹੋ ਚੁੱਕੀ ਹੈ।

ਸੀਪੀ ਨੇ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਅਤੇ ਅਫਵਾਹ ਫੈਲਾਉਣ ਵਾਲਿਆਂ ਨੂੰ ਅਫਵਾਹਾਂ ਫੈਲਾਉਣ ਜਾਂ ਦਹਿਸ਼ਤ ਪੈਦਾ ਕਰਨ ਵਿਰੁੱਧ ਚੇਤਾਵਨੀ ਦਿੱਤੀ।

Read More: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵਿਦੇਸ਼ ਅਧਾਰਿਤ ਗਿਰੋਹ ਦੇ 4 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

Scroll to Top