Amritsar

Amritsar News: ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਖੇਪ ਸਣੇ ਤਿੰਨ ਵਿਅਕਤੀ ਗ੍ਰਿਫਤਾਰ

ਚੰਡੀਗੜ੍ਹ/ਅੰਮ੍ਰਿਤਸਰ, 05 ਦਸੰਬਰ 2024: ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਤੇਜ਼ ਕੀਤੀ ਹੋਈ ਹੈ | ਇਸ ਤਹਿਤ ਅੰਮ੍ਰਿਤਸਰ (Amritsar) ਦੀ ਕਾਊਂਟਰ ਇੰਟੈਲੀਜੈਂਸ ਦੇ ਮੁਤਾਬਕ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 5 ਕਿੱਲੋ ਹੈਰੋਇਨ ਅਤੇ 4.45 ਲੱਖ ਰੁਪਏ ਦੀ ਡਰੱਗ ਮਨੀ ਜਬਤ ਕੀਤੀ ਹੈ।

ਇਸ ਕਾਰਵਾਈ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਡੀਜੀਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਪ੍ਰਾਈਮ ਸਿਟੀ, ਛੇਹਰਟਾ ਦੇ ਹੁਸਨਪ੍ਰੀਤ ਸਿੰਘ, ਅਟਾਰੀ ਮੰਡੀ, ਜ਼ਿਲ੍ਹਾ ਅੰਮ੍ਰਿਤਸਰ ਤੋਂ ਕਰਨਦੀਪ ਸਿੰਘਾ ਉਰਫ ਮੰਨਾ ਅਤੇ ਅਟਾਰੀ ਮੰਡੀ, ਜ਼ਿਲ੍ਹਾ ਅੰਮ੍ਰਿਤਸਰ ਦੇ ਮਨਿੰਦਰ ਸਿੰਘ ਵਜੋਂ ਹੋਈ ਹੈ |

ਪੁਲਿਸ (Amritsar Police) ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਹੌਂਡਾ ਐਕਟਿਵਾ ਨੰਬਰ (PB 02 DK 8780) ਅਤੇ ਹੀਰੋ ਡੀਲਕਸ ਐਚ.ਐਫ. ਮੋਟਰਸਾਈਕਲ (PB 02 E 5854) ਵੀ ਜਬਤ ਕਰ ਲਿਆ ਹੈ | ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੂੰ ਪੁਖ਼ਤਾ ਸੂਚਨਾ ਮਿਲੀ ਕਿ ਮੁਲਜ਼ਮ ਕਰਨਦੀਪ ਸਿੰਘ ਤੇ ਮਨਿੰਦਰ ਸਿੰਘ ਹੈਰੋਇਨ ਦੀ ਤਸਕਰੀ ‘ਚ ਸ਼ਾਮਲ ਹਨ ਅਤੇ ਇਨ੍ਹਾਂ ਨੇ ਹਾਲ ਹੀ ‘ਚ ਪਾਕਿਸਤਾਨੀ ਨਸ਼ਾ ਤਸਕਰਾਂ ਤੋਂ ਡਰੋਨ ਰਾਹੀਂ ਸੁੱਟੀ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ |

ਪੁਲਿਸ ਨੇ ਦੱਸਿਆ ਕਿ ਨਸ਼ੇ ਦੀ ਇਹ ਖੇਪ ਅੱਗੇ ਨਸ਼ਾ ਤਸਕਰ ਹੁਸਨਪ੍ਰੀਤ ਸਿੰਘ ਨੂੰ ਸਪਲਾਈ ਕਰਨੀ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਹੌਂਡਾ ਐਕਟਿਵਾ ’ਤੇ ਪੰਜਾਬੀ ਬਾਗ ਪੈਲੇਸ ਨੇੜੇ ਅੰਮ੍ਰਿਤਸਰ-ਅਟਾਰੀ ਰੋਡ ’ਤੇ ਨਸ਼ੇ ਦੀ ਖੇਪ ਹੁਸਨਪ੍ਰੀਤ ਸਿੰਘ ਨਾਮਕ ਵਿਅਕਤੀ ਕੋਲ ਪਹੁੰਚਾਉਣ ਜਾ ਰਹੇ ਹਨ ਅਤੇ ਹੁਸਨਪ੍ਰੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਇਹ ਨਸ਼ੇ ਦੀ ਖੇਪ ਪ੍ਰਾਪਤ ਕਰਨ ਲਈ ਉੱਥੇ ਪਹੁੰਚ ਰਿਹਾ ਹੈ।

ਡੀਜੀਪੀ ਗੌਰਵ ਯਾਦਵ ਮੁਤਾਬਕ ਅੰਮ੍ਰਿਤਸਰ ਪੁਲਿਸ ਟੀਮਾਂ ਨੇ ਕਾਰਵਾਈ ਕਰਦਿਆਂ ਅਟਾਰੀ ਰੋਡ ‘ਤੇ ਪੰਜਾਬੀ ਬਾਗ ਰਿਜ਼ੋਰਟ ਨਜ਼ਦੀਕ ਇੱਕ ਨਾਕਾ ਲਗਾਇਆ ਅਤੇ ਇਨ੍ਹਾਂ ਮੁਲਜ਼ਮਾਂ ਨੂੰ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਸਮੇਤ ਕਾਬੂ ਕਰ ਲਿਆ ਗਿਆ । ਪੁਲਿਸ ਇਨ੍ਹਾਂ ਮੁਲਜ਼ਮਾਂ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕਰ ਰਹੀ ਹੈ | ਪੁਲਿਸ ਨੇ ਮੁਲਜ਼ਮਾਂ ਖਿਲਾਫ਼ NDPS ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ | ਇਸਦੇ ਨਾਲ ਹੀ NDPS ਐਕਟ ਦੀ ਧਾਰਾ 27-ਏ ਸ਼ਾਮਲ ਲਗਾਈ ਗਈ ਹੈ |

Scroll to Top