ਅੰਮ੍ਰਿਤਸਰ, 14 ਜਨਵਰੀ 2026: Amritsar News: ਅੰਮ੍ਰਿਤਸਰ ਦੇ ਵੱਲਾ ਬਾਈਪਾਸ ਇਲਾਕੇ ‘ਚ ਪੁਲਿਸ ਮੁਕਾਬਲਾ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਕਤਲ ਦੇ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਮੁਤਾਬਕ ਮੁੱਖ ਸ਼ੂਟਰ ਸੁਖਰਾਜ ਸਿੰਘ ਉਰਫ਼ ਗੂੰਗਾ ਨੂੰ ਇੱਕ ਮੁਕਾਬਲੇ ‘ਚ ਮਾਰ ਦਿੱਤਾ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੱਕ ਰਿਕਵਰੀ ਆਪ੍ਰੇਸ਼ਨ ਦੌਰਾਨ ਪੁਲਿਸ ‘ਤੇ ਹਮਲਾ ਕੀਤਾ। ਇਸ ਦੌਰਾਨ ਪੁਲਿਸ ਗੱਡੀ ਦੇ ਅੰਦਰ ਗੋਲੀ ਚਲਾਉਣ ਵਾਲੇ ਸੁਖਰਾਜ ਸਿੰਘ ਨਾਲ ਹੱਥੋਂਪਾਈ ਹੋਈ ਅਤੇ ਉਸਨੇ ਗੋਲੀਆਂ ਚਲਾਈਆਂ, ਜਿਸ ਕਾਰਨ ਉਸਨੂੰ ਖੁਦ ਵੀ ਗੋਲੀ ਲੱਗ ਗਈ। ਗੰਭੀਰ ਜ਼ਖਮੀ ਸੁਖਰਾਜ ਸਿੰਘ ਨੂੰ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਮਲੇ ‘ਚ ਸ਼ਾਮਲ ਬਾਈਕ ਸਵਾਰ ਸ਼ੱਕੀ ਇਸ ਸਮੇਂ ਫਰਾਰ ਹਨ ਅਤੇ ਪੁਲਿਸ ਟੀਮਾਂ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਸਨ। ਪੂਰੇ ਖੇਤਰ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਅੰਮ੍ਰਿਤਸਰ ਪੁਲਿਸ ਇਸ ਸਮੇਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੂਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ।
ਜਿਕਰਯੋਗ ਹੈ ਕਿ ਸਰਪੰਚ ਦੀ ਅੰਮ੍ਰਿਤਸਰ ਦੇ ਇੱਕ ਰਿਜ਼ੋਰਟ ‘ਚ ਹੋਏ ਵਿਆਹ ਸਮਾਗਮ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ, ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਰਾਏਪੁਰ ਤੋਂ ਮਾਮਲੇ ਦੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ।
ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ, ਪੁਲਿਸ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਹੋਈਆਂ, ਜਿਸ ਦੇ ਆਧਾਰ ‘ਤੇ ਮੁੱਖ ਸ਼ੂਟਰ ਸੁਖਰਾਜ ਸਿੰਘ ਨੂੰ ਅੱਜ ਬਰਾਮਦਗੀ ਲਈ ਵੱਲਾ ਖੇਤਰ ਲਿਜਾਇਆ ਗਿਆ ਸੀ।
Read More: Police Encounters: ਜੰਡਿਆਲਾ ਗੁਰੂ ਪੁਲਿਸ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ




