Amritsar News

Amritsar News: ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਦੀ ਤਸਕਰੀ ‘ਚ ਛੇ ਜਣੇ ਗ੍ਰਿਫ਼ਤਾਰ

ਅੰਮ੍ਰਿਤਸਰ, 11 ਸਤੰਬਰ 2025: ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਸਰਹੱਦ ਪਾਰੋਂ ਸੰਗਠਿਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 6 ਮੈਂਬਰਾਂ ਨੂੰ 6 ਆਧੁਨਿਕ ਹਥਿਆਰਾਂ ਅਤੇ 5.75 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਹੈ |

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਪ੍ਰਗਟ ਸਿੰਘ ਵਾਸੀ ਪਿੰਡ ਵਾਨ ਤਾਰਾ ਸਿੰਘ (ਤਰਨਤਾਰਨ) ਅਜੈਬੀਰ ਸਿੰਘ ਉਰਫ਼ ਅਜੈ ਵਾਸੀ ਗਲੀ ਪੰਜਾਬ ਸਿੰਘ (ਅੰਮ੍ਰਿਤਸਰ) ਕਰਨਬੀਰ ਸਿੰਘ ਉਰਫ਼ ਕਰਨ ਵਾਸੀ ਪਾਲ ਐਵੇਨਿਊ, (ਅੰਮ੍ਰਿਤਸਰ) ਸ੍ਰੀ ਰਾਮ ਵਾਸੀ ਪਾਲ ਐਵੇਨਿਊ, (ਅੰਮ੍ਰਿਤਸਰ) ਮਹਿਕਪ੍ਰੀਤ ਸਿੰਘ ਉਰਫ਼ ਰੋਹਿਤ, ਅਫ਼ਸਰ ਕਲੋਨੀ, ਅੰਮ੍ਰਿਤਸਰ ਅਤੇ ਦਿਨੇਸ਼ ਕੁਮਾਰ ਵਾਸੀ ਆਦਮਪੁਰ, ਜਲੰਧਰ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਬਰਾਮਦ ਕੀਤੇ ਹਥਿਆਰਾਂ ‘ਚ ਇੱਕ 9 ਐਮਐਮ ਗਲੋਕ, ਤਿੰਨ .30 ਬੋਰ ਪੀਐਕਸ-5 ਪਿਸਤੌਲ, ਇੱਕ .32 ਬੋਰ ਅਤੇ .30 ਬੋਰ ਪਿਸਤੌਲ ਸ਼ਾਮਲ ਹਨ | ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਿੰਡੀਕੇਟ ਗ੍ਰਿਫ਼ਤਾਰ ਮੁਲਜ਼ਮ ਮਹਿਕਪ੍ਰੀਤ ਸਿੰਘ ਉਰਫ਼ ਰੋਹਿਤ ਵੱਲੋਂ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਵੱਖ-ਵੱਖ ਪੜਾਵਾਂ ‘ਤੇ ਕਈ ਬਰਾਮਦਗੀਆਂ ਹੋਈਆਂ ਹਨ।

ਇਸ ਮਾਮਲੇ ‘ਚ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਮੁਲਜ਼ਮ ਪ੍ਰਗਟ ਸਿੰਘ ਨੂੰ ਪਹਿਲਾਂ ਦੋ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਸਰਹੱਦ ਪਾਰ ਦੀਆਂ ਖੇਪਾਂ ਦਾ ਹਿੱਸਾ ਸਨ ਅਤੇ ਨੈੱਟਵਰਕ ਰਾਹੀਂ ਅੱਗੇ ਵੰਡੇ ਜਾਣੇ ਸਨ।

ਪੁਲਿਸ ਦੀ ਜਾਂਚ ਦੌਰਾਨ ਮਾਡਿਊਲ ਦੇ ਹੋਰਨਾਂ ਮੈਂਬਰਾਂ ਅਜੈਬੀਰ, ਕਰਨਬੀਰ ਅਤੇ ਸ੍ਰੀ ਰਾਮ ਨੂੰ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਮਹਿਕਪ੍ਰੀਤ ਵਜੋਂ ਪਛਾਣੇ ਮਾਡਿਊਲ ਦੇ ਮੁੱਖ ਸਰਗਨਾ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਤਿੰਨ ਹਥਿਆਰ ਬਰਾਮਦ ਕੀਤੇ ਗਏ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ‘ਚ ਪਾਇਆ ਗਿਆ ਹੈ ਕਿ ਹਥਿਆਰਾਂ ਦੀ ਤਸਕਰੀ ਦੇ ਵਪਾਰ ਦਾ ਪੈਸਾ ਹਵਾਲਾ ਨੈੱਟਵਰਕ ਰਾਹੀਂ ਭੇਜਿਆ ਗਿਆ ਸੀ, ਜਿਸ ‘ਚ ਮੁਲਜ਼ਮ ਦਿਨੇਸ਼ ਨੂੰ 5.75 ਲੱਖ ਰੁਪਏ ਹਵਾਲਾ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਕੇਸ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਵਿਖੇ ਕੇਸ ਦਰਜ ਕੀਤਾ ਗਿਆ ਹੈ।

Read More: ਅੰਮ੍ਰਿਤਸਰ ਪੁਲਿਸ ਨੇ ਪਿਤਾ-ਪੁੱਤ ਸਮੇਤ 4 ਵਿਅਕਤੀ 12 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ

Scroll to Top