ਚੰਡੀਗੜ੍ਹ/ਅੰਮ੍ਰਿਤਸਰ 18 ਜੁਲਾਈ, 2025: ਜ਼ਿਲ੍ਹਾ ਅੰਮ੍ਰਿਤਸਰ ਦੇ ਮਹਾਰਾਜਾ ਫਾਰਮ ਵਿਖੇ ਬਾਗਬਾਨੀ ਵਿਭਾਗ ਵੱਲੋਂ ਦੋ ਦਿਨਾਂ ਸੂਬਾ ਪੱਧਰੀ ਨਾਖ ਪ੍ਰਦਰਸ਼ਨੀ ਅਤੇ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਆਂ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼ੋਅ ਦਾ ਉਦਘਾਟਨ ਕੀਤਾ।
ਇਸ ਦੌਰਾਨ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬਾਗਬਾਨੀ ਖੇਤਰ ਨੂੰ ਵਿਕਸਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਨਾਸ਼ਪਾਤੀ ਮੁਕਾਬਲਾ ਵੀ ਇਨ੍ਹਾਂ ਯਤਨਾਂ ਦਾ ਇੱਕ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ, ਪ੍ਰਦਰਸ਼ਨੀਆਂ, ਸੈਮੀਨਾਰ ਨਾ ਸਿਰਫ਼ ਕਿਸਾਨਾਂ ਦੇ ਗਿਆਨ ‘ਚ ਵਾਧਾ ਕਰਦੇ ਹਨ, ਸਗੋਂ ਉਨ੍ਹਾਂ ਦੇ ਵਪਾਰਕ ਸਬੰਧ ਵੀ ਬਣਾਉਂਦੇ ਹਨ ਜੋ ਕਿਸਾਨਾਂ ਦੀ ਆਮਦਨ ਵਧਾਉਣ ‘ਚ ਚੰਗਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਵਾਰ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ‘ਚ ਸਫਲ ਰਹੀ ਹੈ ਅਤੇ ਇਸ ਨਾਲ ਸੂਬੇ ਦੇ ਬਾਗਬਾਨੀ ਖੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਮੌਕੇ ਬਾਗਬਾਨੀ ਮੰਤਰੀ ਅਤੇ ਡਾਇਰੈਕਟਰ ਬਾਗਬਾਨੀ ਦੇ ਧਿਆਨ ਵਿੱਚ ਬਾਗਬਾਨੀਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਲਿਆਂਦੀਆਂ, ਜਿਨ੍ਹਾਂ ਨੂੰ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਬਾਗਬਾਨੀ, ਅੰਮ੍ਰਿਤਸਰ, ਤਜਿੰਦਰ ਸਿੰਘ ਸੰਧੂ ਨੇ ਸਮਾਗਮ ਬਾਰੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਬਾਗਬਾਨੀਕਾਰਾਂ ਵੱਲੋਂ ਤਿਆਰ ਕੀਤੇ ਗਏ ਵਧੀਆ ਮਿਆਰੀ ਅਤੇ ਉੱਚ ਗੁਣਵੱਤਾ ਵਾਲੇ ਨਾਸ਼ਪਾਤੀ ਦੇ ਫਲਾਂ ਅਤੇ ਫਲ ਉਤਪਾਦਾਂ ਦੀਆਂ 714 ਐਂਟਰੀਆਂ ਦਾ ਮੁਕਾਬਲਾ ਹੋਇਆ ਅਤੇ ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਪਹਿਲਾ ਅਤੇ ਦੂਜਾ ਇਨਾਮ ਦਿੱਤਾ ਗਿਆ। ਜ਼ਿਲ੍ਹਾ ਅੰਮ੍ਰਿਤਸਰ ਇਸ ਮੁਕਾਬਲੇ ‘ਚ 28 ਇਨਾਮ ਜਿੱਤ ਕੇ ਪਹਿਲੇ ਸਥਾਨ ‘ਤੇ ਰਿਹਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਅਤੇ ਪੀਏਯੂ ਲੁਧਿਆਣਾ ਦੇ ਮਾਹਰਾਂ ਵੱਲੋਂ ਬਾਗਬਾਨੀਕਾਰਾਂ ਨੂੰ ਨਾਸ਼ਪਾਤੀ ਦੀ ਕਾਸ਼ਤ ਅਤੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ ਗਈ।
Read More: ਮੋਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਹੁਕਮ