ਅੰਮ੍ਰਿਤਸਰ, 21 ਦਸੰਬਰ 2023: ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਪੰਜਾਬ ਭਰ ਦੀਆਂ ਕਈ ਥਾਵਾਂ ‘ਤੇ ਲੁੱਟ-ਖੋਹ ਤੇ ਕਤਲ ਦੇ ਮਾਮਲੇ ਸਾਹਮਣੇ ਅੰਡੇ ਹਨ | ਤਾਜ਼ਾ ਮਾਮਲਾ ਅੰਮ੍ਰਿਤਸਰ (Amritsar) ਦਾ ਹੈ, ਜਿੱਥੇ ਕਿ ਅੰਮ੍ਰਿਤਸਰ ‘ਚ ਤੜਕਸਾਰ ਇੱਕ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ ਅਤੇ ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਦੇ ਵਿੱਚ ਇੱਕ ਦਰਗਾਹ ਤੇ ਸੇਵਾਦਾਰ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ |
ਇਸ ਮਾਮਲੇ ਵਿੱਚ ਹੁਣ ਮੌਕੇ ‘ਤੇ ਪੁਲਿਸ ਵੀ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਇਸ ਬਾਰੇ ਮ੍ਰਿਤਕ ਸੇਵਾਦਾਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਵਿਅਕਤੀ ਨਾਲ ਰੰਜਿਸ਼ ਚੱਲਦੀ ਆ ਰਹੀ ਸੀ ਤੇ ਉਹਨਾਂ ਨੂੰ ਲਗਾਤਾਰ ਹੀ ਉਸ ਵਿਅਕਤੀ ਵੱਲੋਂ ਕਥਿਤ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਅੱਜ ਉਹਨਾਂ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੈ ਕਿ ਉਸੇ ਵਿਅਕਤੀ ਵੱਲੋਂ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਮ੍ਰਿਤਕ ਸੇਵਾਦਾਰ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਕੋਲੋਂ ਇਨਸਾਫ਼ ਦੀ ਪੁਕਾਰ ਕੀਤੀ ਹੈ |
ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਵੇਰ ਵੇਲੇ ਗੋਵਾਲ ਮੰਡੀ ਦਰਗਾਹ ਦੇ ਵਿੱਚ ਸੇਵਾਦਾਰ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸੰਬੰਧ ਵਿੱਚ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੱਧ ਕਰ ਰਹੇ ਹਾਂ ਅਤੇ ਨਜ਼ਦੀਕੀ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੇ ਹਨ। ਛੇੱਤੀ ਹੀ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਗ੍ਰਿਫਤਾਰ ਕਰ ਲਿਆ ਜਾਵੇਗਾ |