ਚੰਡੀਗੜ੍ਹ, 23 ਮਈ 2023: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਮੁਲਜ਼ਮਾਂ ’ਚੋਂ ਮੁੱਖ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ (Jaggu Bhagwanpuria) ਨੂੰ ਐੱਸ. ਐੱਸ. ਓ. ਸੀ. (ਸਟੇਟ ਆਪ੍ਰੇਸ਼ਨ ਸੈੱਲ) ਦੀ ਟੀਮ ਨੇ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕੀਤਾ। ਇਸ ਦੌਰਾਨ ਮਾਣਯੋਗ ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 29 ਮਈ ਤੱਕ ਰਿਮਾਂਡ ‘ਤੇ ਭੇਜ ਦਿੱਤਾ | ਪੁਲਿਸ ਦੀ ਟੀਮ ਨੇ ਦਾਲਤ ਤੋਂ ਜੱਗੂ ਭਗਵਾਨਪੁਰੀਆ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ।
ਜਿਕਰਯੋਗ ਹੈ ਕਿ ਪੁਲਿਸ ਟੀਮ ਜੱਗੂ ਭਗਵਾਨਪੁਰੀਆ (Jaggu Bhagwanpuria) ਤੋਂ ਇੱਕ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਸਟੇਟ ਆਪ੍ਰੇਸ਼ਨ ਸੈੱਲ ਵਿਚ ਪੁੱਛਗਿੱਛ ਕਰੇਗੀ। ਕੁਝ ਦਿਨ ਪਹਿਲਾਂ 17 ਮਈ ਨੂੰ ਐੱਸ. ਐੱਸ. ਓ. ਸੀ. ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਵਿਚ ਦੋ ਵਿਅਕਤੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਅੰਮ੍ਰਿਤਸਰ ਆ ਰਹੇ ਹਨ। ਇਸ ਦੇ ਆਧਾਰ ’ਤੇ ਐੱਸ. ਐੱਸ. ਓ. ਸੀ. ਨੇ ਕਾਰਵਾਈ ਕਰਦੇ ਹੋਏ ਹਰਪਾਲ ਸਿੰਘ ਵਾਸੀ ਮਾਨਸਾ ਅਤੇ ਰੋਬਿਨ ਸਿੰਘ ਵਾਸੀ ਤਰਨਤਾਰਨ ਨੂੰ ਇਕ ਗੱਡੀ ਵਿਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਸੀ |
ਇਨ੍ਹਾਂ ਦਾ ਅਦਾਲਤ ਵਿਚੋਂ ਮਿਲੇ ਰਿਮਾਂਡ ਦੌਰਾਨ ਉਕਤ ਦੋਵਾਂ ਮੁਲਜ਼ਮਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਹਨ ਅਤੇ ਉਸ ਦੇ ਕਹਿਣ ’ਤੇ ਹੀ ਨਸ਼ੇ ਦੀ ਸਪਲਾਈ ਕਰਦੇ ਹਨ ਅਤੇ ਪੈਸੇ ਇਕੱਠੇ ਕਰਦੇ ਹਨ। ਇਸ ਮਾਮਲੇ ਵਿੱਚ ਜੱਗੂ ਦਾ ਨਾਮ ਮੁੜ ਸਾਹਮਣੇ ਆਉਣ ਤੋਂ ਬਾਅਦ ਹੀ ਐੱਸ .ਐੱਸ. ਓ. ਸੀ. ਦੀ ਟੀਮ ਉਸ ਨੂੰ ਅੰਮ੍ਰਿਤਸਰ ਲੈ ਆਈ ਸੀ |