ਚੰਡੀਗੜ 23 ਨਵੰਬਰ 2024: ਮਸ਼ਹੂਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer Singh) ਨੇ ਅੱਜ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਿਆ | ਇਸ ਦੌਰਾਨ ਅਦਾਕਾਰ ਰਣਵੀਰ ਸਿੰਘ ਚਿੱਟੇ ਕੁੜਤੇ ਪਜਾਮੇ ‘ਚ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਰਣਵੀਰ ਸਿੰਘ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ ਪਰ ਉਹ ਆਪਣੀ ਟੀਮ ਨਾਲ ਲਗਾਤਾਰ ਗੱਲਬਾਤ ਕਰ ਰਹੇ ਸਨ।
ਰਣਵੀਰ ਸਿੰਘ (Ranveer Singh) ਕਰੀਬ ਅੱਧਾ ਘੰਟਾ ਹਰਿਮੰਦਰ ਸਾਹਿਬ ਦੇ ਅੰਦਰ ਰਹੇ ਅਤੇ ਪੂਰੀ ਪਰਿਕਰਮਾ ਕੀਤੀ। ਇਸ ਤੋਂ ਪਹਿਲਾਂ 2019 ‘ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ ‘ਤੇ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਇਸ ਦੌਰਾਨ ਦੀਪਿਕਾ ਪਾਦੁਕੋਣ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ।
ਇਸ ਤੋਂ ਬਾਅਦ ਰਣਵੀਰ ਸਿੰਘ ਦੇ ਵਿਆਹ ਨੂੰ 14 ਨਵੰਬਰ 2024 ਨੂੰ ਛੇ ਸਾਲ ਪੂਰੇ ਹੋ ਗਏ। ਇਸ ਦੇ ਨਾਲ ਹੀ ਸਤੰਬਰ ‘ਚ ਬੇਟੀ ਦੇ ਜਨਮ ਤੋਂ ਬਾਅਦ ਰਣਵੀਰ ਸਿੰਘ ਹੁਣ ਇਕੱਲੇ ਹੀ ਗੁਰੂ ਘਰ ‘ਚ ਮੱਥਾ ਟੇਕਣ ਅਤੇ ਆਸ਼ੀਰਵਾਦ ਲੈਣ ਪਹੁੰਚੇ ਹਨ।