July 8, 2024 1:36 am
Mudhal Village

ਅੰਮ੍ਰਿਤਸਰ: ਪਿੰਡ ਮੁੱਧਲ ‘ਚ ਲਾਪਤਾ ਬੱਚੀ ਦੀ ਮਿਲੀ ਲਾਸ਼, ਪਰਿਵਾਰਿਕ ਮੈਂਬਰਾਂ ਨੂੰ ਹਿਰਾਸਤ ‘ਚ ਲਿਆ

ਅੰਮ੍ਰਿਤਸਰ, 13 ਜੁਲਾਈ 2023: ਅੰਮ੍ਰਿਤਸਰ ਦੇ ਪਿੰਡ ਮੁੱਧਲ (Mudhal Village) ਵਿੱਚ ਉਸ ਸਮੇਂ ਦਹਿਸ਼ਤ ਮਾਹੌਲ ਬਣ ਗਿਆ ਜਦੋਂ ਦੋ ਦਿਨ ਪਹਿਲਾਂ ਪਿੰਡ ਲਾਪਤਾ ਹੋਈ 10 ਸਾਲਾ ਸੁਖਮਨ ਕੌਰ ਦੀ ਪਿੰਡ ਦੇ ਵਿੱਚੋਂ ਹੀ ਲਾਸ਼ ਮਿਲੀ ਅਤੇ ਮ੍ਰਿਤਕ ਸੁਖਮਨ ਕੌਰ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ |

ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਹਿਲਾਂ ਤਾਂ ਬੱਚੀ ਸੁਖਮਨ ਦੀ ਲਾਸ਼ ਨੂੰ ਕਬਜੇ ਵਿੱਚ ਲਿਆ ਅਤੇ ਬਾਅਦ ਵਿੱਚ ਬੱਚੀ ਦੇ ਹੀ ਕੁਝ ਪਰਿਵਾਰਿਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਇਸ ਦੌਰਾਨ ਹਿਰਾਸਤ ‘ਚ ਜਾਣ ਵਾਲੇ ਮ੍ਰਿਤਕ ਸੁਖਮਨਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਨਜਾਇਜ਼ ਤੌਰ ਤੇ ਉਹਨਾਂ ਨੂੰ ਹਿਰਾਸਤ ਵਿਚ ਲੈ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਬੱਚੀ ਸੁਖਮਨ ਕੌਰ ਦੇ ਪਰਿਵਾਰਿਕ ਮੈਂਬਰ ਭਿੰਡਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬੱਚੀ ਘਰ ਤੋਂ ਹੀ ਲਾਪਤਾ ਹੋਈ ਸੀ ਅੱਜ ਸਵੇਰੇ ਹੀ ਪਿੰਡ ਦੀ ਹਵੇਲੀ ਵਿੱਚੋਂ ਬੱਚੀ ਦੀ ਲਾਸ਼ ਮਿਲੀ ਹੈ ਅਤੇ ਉਹਨਾਂ ਦਾ ਪਿੰਡ ਵਿੱਚ ਕਿਸੇ ਨਾਲ ਵੀ ਕੋਈ ਜਾਤੀ ਦੁਸ਼ਮਣੀ ਜਾਂ ਕਿਸੇ ਨਾਲ ਵੀ ਕੋਈ ਵੈਰ-ਵਿਰੋਧ ਨਹੀਂ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਕਿਸੇ ਵਿਅਕਤੀ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ। ਉੱਥੇ ਹੀ ਪਰਿਵਾਰ ਵਲੋਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਪੁਕਾਰ ਲਗਾਉਂਦਿਆਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾ ਮੁੱਧਲ ਪਿੰਡ ਵਿੱਚੋਂ 10 ਸਾਲ ਦੀ ਸੁਖਮਨ ਕੌਰ ਲਾਪਤਾ ਹੋਣ ਦੀ ਇਤਲਾਹ ਮਿਲੀ ਸੀ ਅਤੇ ਪੁਲਿਸ ਵਲੋਂ ਵੱਖ-ਵੱਖ ਪਾਰਟੀਆਂ ਬਣਾ ਕੇ ਬੱਚੀ ਦੀ ਭਾਲ ਕੀਤੀ ਜਾ ਰਹੀ ਸੀ ਪਿੰਡ ਦੇ ਵਿੱਚ ਲੱਗੇ ਸੀ.ਸੀ.ਟੀ ਵੀ. ਕੈਮਰੇ ਖੰਗਾਲੇ ਜਾ ਰਹੇ ਸਨ। ਲੇਕਿਨ ਅੱਜ ਸਵੇਰੇ ਹੀ ਬੱਚੀ ਦੀ ਪਿੰਡ ਵਿਚੋਂ ਹੀ ਲਾਸ਼ ਮਿਲੀ ਹੈ ਅਤੇ ਬੱਚੀ ਦੇ ਸ਼ਰੀਰ ‘ਤੇ ਕਾਫੀ ਜ਼ਖਮ ਵੀ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਚੇ ਨੂੰ ਛੱਤ ਤੋਂ ਹੇਠਾਂ ਸੁੱਟਿਆ ਗਿਆ ਹੈ ਅਤੇ ਹੁਣ ਬੱਚੀ ਦਾ ਪੋਸਟਮਾਰਟਮ ਵੀ ਕਰਵਾਇਆ ਜਾਵੇਗਾ ਪਤਾ ਲੱਗੇਗਾ ਕਿ ਬੱਚੀ ਦੇ ਜਖ਼ਮ ਮਰਨ ਦੌਰਾਨ ਲੱਗੇ ਹਨ ਜਾਂ ਮਰਨ ਤੋਂ ਪਹਿਲਾਂ ਬੱਚੀ ‘ਤੇ ਸੱਟਾਂ ਲਗਾਈਆਂ ਗਈਆਂ ਹਨ | ਅੱਗੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਸੁਖਪਾਲ ਸਿੰਘ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਵਾਸਤੇ ਬੱਚੀ ਦੇ ਕੁਝ ਪਰਿਵਾਰਿਕ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ | ਸ਼ਾਮ ਤੱਕ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਸੰਬੰਧੀ ਸਾਰੀ ਡੀਟੇਲ ਸਾਂਝੀ ਕਰਨਗੇ |