ਅੰਮ੍ਰਿਤਸਰ, 01 ਸਤੰਬਰ 2023: ਅੰਮ੍ਰਿਤਸਰ ਸ਼ਹਿਰ ਪ੍ਰਸ਼ਾਸਕ ਅਤੇ ਕਮਿਸ਼ਨਰ ਨਗਰ ਨਿਗਮ ਰਾਹੁਲ ਵੱਲੋਂ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 229 (1) (ਏ) ਅਧੀਨ ਦਿੱਤੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਇਕ ਮਤਾ ਨੰਬਰ 123, 31/08/2023 ਰਾਹੀਂ ਅੰਮ੍ਰਿਤਸਰ ਸ਼ਹਿਰ ਵਿਚ ਆਮ ਜਨਤਾ ਅਤੇ ਆਉਣ ਵਾਲੇ ਯਾਤਰੂਆਂ ਨੂੰ ਵਧ ਰਹੇ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਨਿਗਮ ਹਦੂਦ ਵਿਚ 15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋ (Autos) ਦੇ ਚੱਲਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉੱਧਰ ਨਿਗਮ ਦੇ ਉਕਤ ਆਦੇਸ਼ਾਂ ਦੇ ਵਿਰੁੱਧ ਆਟੋ ਯੂਨੀਅਨ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਸ਼ਾਸਕ ਤੇ ਕਮਿਸ਼ਨਰ ਨਗਰ ਨਿਗਮ ਰਾਹੁਲ ਵੱਲੋਂ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅਧੀਨ ਚੱਲ ਰਹੇ ਰਾਹੀ ਸਕੀਮ ਤਹਿਤ ਪੁਰਾਣੇ ਡੀਜ਼ਲ ਆਟੋਜ਼ ਨੂੰ ਈ-ਆਟੋਜ਼ ਦੇ ਨਾਲ ਬਦਲਿਆ ਜਾਣਾ ਹੈ ਤੇ ਪਹਿਲੇ ਪੜਾਅ ਵਿੱਚ ਇਹ ਕਾਰਵਾਈ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਨੂੰ ਬਦਲਣ ਲਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਸ ਵਾਸਤੇ ਪ੍ਰਸ਼ਾਸਨ ਨੇ 15 ਸਾਲ ਪੁਰਾਣੇ ਡੀਜ਼ਲ ਆਟੋਜ਼ (Autos) ਚਾਲਕਾਂ ਨੂੰ 31 ਅਗਸਤ 2023 ਤੱਕ ਦਾ ਸਮਾਂ ਦੇਣ ਦੇ ਬਦਲੇ ਸਟੀਕਰ ਵੀ ਜਾਰੀ ਕੀਤੇ ਸਨ। ਵਿਭਾਗ ਵੱਲੋਂ ਸਾਰੇ ਸ਼ਹਿਰ ਵਿੱਚ ਹੋਰਡਿੰਗ ਲਾ ਕੇ ਪਹਿਲੇ ਪੜਾਅ ਅਧੀਨ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ 31 ਅਗਸਤ 2023 ਤੱਕ ਈ-ਆਟੋ ਲੈਣ ਲਈ ਚੇਤਾਇਆ ਗਿਆ ਤੇ ਜਾਣਕਾਰੀ ਦਿੱਤੀ ਗਈ ਕਿ 1 ਸਤੰਬਰ 2023 ਤੋਂ ਇਨ੍ਹਾਂ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਦੇ ਵਿਰੁੱਧ ਇਨਫੋਰਸਮੈਂਟ ਦੀ ਕਾਰਵਾਈ ਹਰ ਹਾਲਤ ਵਿੱਚ ਕੀਤੀ ਜਾਣੀ ਲਾਜ਼ਮੀ ਹੈ ਤੇ ਹੁਣ ਇਹ ਸਮਾਂ 31 ਅਗਸਤ 2023 ਨੂੰ ਪੂਰਾ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਕਤ ਮਤਾ ਅੰਮ੍ਰਿਤਸਰ ਸ਼ਹਿਰ ਵਿੱਚ ਆਮ ਜਨਤਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਜਿਸ ਤਹਿਤ ਹੁਣ 1 ਸਤੰਬਰ 2023 ਤੋਂ ਨਿਗਮ ਹਦੂਦ ਵਿੱਚ 15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋ ਦੇ ਚੱਲਣ ‘ਤੇ ਪੂਰਨ ਪਾਬੰਦੀ ਲਾਗੂ ਹੋ ਜਾਵੇਗੀ।