July 7, 2024 4:36 pm
Encounter

ਅੰਮ੍ਰਿਤਸਰ: ਜੰਡਿਆਲਾ ਗੁਰੂ ‘ਚ ਕਥਿਤ ਪੁਲਿਸ ਮੁਕਾਬਲੇ ‘ਚ ਇੱਕ ਬਦਮਾਸ਼ ਦੀ ਮੌਤ, ਪੁਲਿਸ ਮੁਲਾਜਮ ਜ਼ਖਮੀ

ਚੰਡੀਗੜ੍ਹ, 20 ਦਸੰਬਰ 2023: ਪੰਜਾਬ ਦੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਕਥਿਤ ਪੁਲਿਸ ਮੁਕਾਬਲੇ (Encounter) ਦੀ ਖ਼ਬਰ ਸਾਹਮਣੇ ਆਈ ਹੈ । ਪੁਲਿਸ ਮੁਤਾਬਕ ਬਦਮਾਸ਼ ਅਮਰਜੀਤ ਸਿੰਘ ਅਮਰੀ ਪੁਲਿਸ ਹੱਥੋਂ ਮਾਰਿਆ ਗਿਆ । ਦੱਸਿਆ ਜਾ ਰਿਹਾ ਹੈ ਕਿ 3 ਕਤਲ ਕੇਸਾਂ ਵਿੱਚ ਸ਼ਾਮਲ ਸੀ, ਜਿਸ ਵਿੱਚ 4 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕ ਜੰਡਿਆਲਾ ਗੁਰੂ ਦੇ ਪਿੰਡ ਭਗਵਾਨ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ।

ਐਸਐਸਪੀ ਸਤਿੰਦਰ ਸਿੰਘ ਦੇ ਮੁਤਾਬਕ ਅਮਰੀ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਅਮਰੀ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਨਹਿਰ ਦੇ ਕੰਢੇ 2 ਹੈਰੋਇਨ ਲੁਕੋ ਕੇ ਰੱਖੀ ਸੀ। ਜਿਸ ਤੋਂ ਬਾਅਦ ਪੁਲਿਸ ਟੀਮ ਹੈਰੋਇਨ ਬਰਾਮਦ ਕਰਨ ਲਈ ਉੱਥੇ ਗਈ ਸੀ। ਉਸ ਨੇ ਉੱਥੇ ਇੱਕ ਪਿਸਤੌਲ ਵੀ ਛੁਪਾ ਕੇ ਰੱਖਿਆ ਹੋਇਆ ਸੀ।

ਪੁਲਿਸ ਮੁਤਾਬਕ ਹੈਰੋਇਨ ਕੱਢਣ ਦੇ ਬਹਾਨੇ ਉਸ ਨੇ ਉਥੇ ਰੱਖੇ ਪਿਸਤੌਲ ਤੋਂ ਗੋਲੀ ਚਲਾ ਦਿੱਤੀ। ਫਿਰ ਉਹ ਹੱਥਕੜੀ ਲੈ ਕੇ ਭੱਜਣ ਲੱਗਾ। ਉਸ ਦੀ ਗੋਲੀ ਨਾਲ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸਨੂੰ ਰੁਕਣ ਲਈ ਕਿਹਾ ਪਰ ਉਸਨੇ ਸਿੱਧੀ ਗੋਲੀਬਾਰੀ ਜਾਰੀ ਰੱਖੀ। ਜਿਸ ਤੋਂ ਬਾਅਦ ਜਵਾਬੀ ਗੋਲੀਬਾਰੀ ‘ਚ ਪੁਲਿਸ ਦੀ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਗੋਲੀਬਾਰੀ (Encounter) ਵਿੱਚ ਵਰਤੀ ਗਈ 0.30 ਬੋਰ ਦੀ ਚੀਨੀ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਉਹ ਕਿਸ ਗਿਰੋਹ ਨਾਲ ਸਬੰਧਤ ਸੀ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਮੁਕਾਬਲੇ ‘ਚ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੁਲਾਜ਼ਮ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।