Amritsar

ਅੰਮ੍ਰਿਤਸਰ: ਪਿੰਡ ਸਿਆਲਕਾ ਵਿਖੇ ਬੱਚੇ ਦੀ ਛੱਪੜ ‘ਚ ਡੁੱਬਣ ਕਾਰਨ ਮੌਤ, ਕੱਲ੍ਹ ਸ਼ਾਮ ਤੋਂ ਸੀ ਲਾਪਤਾ

ਚੰਡੀਗੜ੍ਹ, 03 ਫਰਵਰੀ, 2024: ਅੰਮ੍ਰਿਤਸਰ (Amritsar) ਦੇ ਪਿੰਡ ਸਿਆਲਕਾ ਵਿੱਚ ਇੱਕ ਬੱਚੇ ਦੀ ਛੱਪੜ ‘ਚ ਡੁੱਬਣ ਕਾਰਨ ਮੌਤ ਹੋ ਗਈ। ਬੱਚਾ ਕੱਲ੍ਹ ਸ਼ਾਮ ਤੋਂ ਲਾਪਤਾ ਸੀ ਅਤੇ ਅੱਜ ਬੱਚੇ ਦੀ ਮ੍ਰਿਤਕ ਦੇਹ ਪਾਣੀ ਵਿੱਚ ਤੈਰਦੀ ਮਿਲੀ। ਪਿੰਡ ਸਿਆਲਕਾ ਦਾ ਰਹਿਣ ਵਾਲਾ ਦਿਲਜਾਨ 10 ਸਾਲ ਦਾ ਸੀ ਅਤੇ ਉੱਥੋਂ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦਾ ਵਿਦਿਆਰਥੀ ਸੀ। ਦਿਲਜਾਨ ਦੇ ਮਾਤਾ-ਪਿਤਾ ਦੋਵੇਂ ਅਪਾਹਜ ਹਨ ਅਤੇ ਉਸ ਦੇ ਪਿਤਾ ਦਰਜ਼ੀ ਹਨ।

ਦਿਲਜਾਨ ਦੇ ਪਿਤਾ ਲਖਵਿੰਦਰ ਚੰਦ ਅਨੁਸਾਰ ਕੱਲ੍ਹ ਦੁਪਹਿਰ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦਾ ਲੜਕਾ ਸ਼ਾਮ ਨੂੰ ਟਿਊਸ਼ਨ ਲਈ ਗਿਆ ਸੀ। ਇਸ ਤੋਂ ਬਾਅਦ ਉਹ ਸਿੱਧਾ ਖੇਡਣ ਚਲਾ ਗਿਆ। ਸ਼ਾਮ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਆਲੇ-ਦੁਆਲੇ ਉਸ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ।

ਸਵੇਰੇ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਬੱਚੇ ਦੀ ਲਾਸ਼ ਛੱਪੜ ਵਿੱਚ ਤੈਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦੇ ਨਾਲ-ਨਾਲ ਉਸ ਦਾ ਬੈਗ ਅਤੇ ਕਿਤਾਬਾਂ ਵੀ ਪਾਣੀ ਵਿੱਚ ਤੈਰ ਰਹੀਆਂ ਸਨ। ਥਾਣਾ ਮੱਤੇਵਾਲ ਦੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ।

Scroll to Top