ਚੰਡੀਗੜ੍ਹ, 8 ਫ਼ਰਵਰੀ 2024: ਪੰਜਾਬ ਦੇ ਅੰਮ੍ਰਿਤਸਰ (Amritsar)ਦੇ ਦੋ ਨੌਜਵਾਨਾਂ ਨੂੰ ਸ੍ਰੀਨਗਰ ਵਿੱਚ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ। ਇਨ੍ਹਾਂ ‘ਚੋਂ ਇਕ ਅਮ੍ਰਿਤਪਾਲ ਸਿੰਘ ਦੀ ਲਾਸ਼ ਵੀਰਵਾਰ ਨੂੰ ਉਸ ਦੇ ਜੱਦੀ ਪਿੰਡ ਚਮਿਆਰੀ ਪਹੁੰਚੀ। ਇੱਥੇ ਪਰਿਵਾਰ ਨੇ ਮੈਡੀਕਲ ਰਿਪੋਰਟ ਦੀ ਮੰਗ ਕਰਦੇ ਹੋਏ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪਰਿਵਾਰ ਨਾਲ ਸੰਪਰਕ ਕਰਕੇ ਮੰਗਾਂ ਮੰਨ ਲਈਆਂ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1.5-1.5 ਲੱਖ ਰੁਪਏ ਅਤੇ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਮੈਡੀਕਲ ਰਿਪੋਰਟ ਵੀ ਛੇਤੀ ਹੀ ਸੌਂਪ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਪਰਿਵਾਰ ਅੰਤਿਮ ਸਸਕਾਰ ਕਰਨ ਲਈ ਰਾਜ਼ੀ ਹੋ ਗਿਆ।
ਅੰਮ੍ਰਿਤਪਾਲ ਸਿੰਘ ਦਾ 4-5 ਸਾਲਾਂ ਤੋਂ ਸ੍ਰੀਨਗਰ ਆਉਣਾ ਜਾਣਾ ਸੀ। ਉਹ 6 ਤੋਂ 8 ਮਹੀਨੇ ਸ੍ਰੀਨਗਰ ਰਹਿ ਕੇ ਕੰਮ ਕਰਦਾ ਸੀ ਅਤੇ ਸਰਦੀਆਂ ਤੋਂ ਪਹਿਲਾਂ ਅੰਮ੍ਰਿਤਸਰ (Amritsar) ਵਾਪਸ ਆ ਜਾਂਦਾ ਸੀ। ਇਸ ਦੇ ਨਾਲ ਹੀ ਇਕ ਹੋਰ ਨੌਜਵਾਨ ਰੋਹਿਤ (26) ਦੀ ਲਾਸ਼ ਅਜੇ ਘਰ ਨਹੀਂ ਪਹੁੰਚੀ ਹੈ।