ਅਮੋਨੀਆ ਗੈਸ ਲੀਕ

ਜਲੰਧਰ ‘ਚ ਫੈਕਟਰੀ ‘ਚੋਂ ਅਮੋਨੀਆ ਗੈਸ ਲੀਕ, ਰੈਸਕਿਊ ਆਪ੍ਰੇਸ਼ਨ ਜਾਰੀ

ਜਲੰਧਰ, 25 ਅਗਸਤ 2025: ਜਲੰਧਰ ‘ਚ ਇੱਕ ਫੈਕਟਰੀ ‘ਚੋਂ ਅਮੋਨੀਆ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ‘ਚ ਲਗਭਗ 30 ਜਣਿਆ ਦੇ ਫਸੇ ਦੀ ਖ਼ਬਰ ਹੈ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਟੀਮ ਨੇ ਗੈਸ ਨੂੰ ਕਾਬੂ ਕਰਨ ਲਈ ਮਸ਼ੀਨਾਂ ਲਗਾ ਦਿੱਤੀਆਂ ਹਨ

ਇਸ ਦੌਰਾਨ ਫੈਕਟਰੀ ਅੰਦਰ ਫਸੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭੇਜਣ ਦੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਹਨ। ਪੁਲਿਸ ਨੇ ਆਲੇ ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਪਹੁੰਚਣ ਦੀ ਅਪੀਲ ਕੀਤੀ ਹੈ।

ਇਹ ਗੈਸ ਸਰਜੀਕਲ ਕੰਪਲੈਕਸ ‘ਚ ਸਥਿਤ ਮੈਟਰੋ ਮਿਲਕ ਪ੍ਰੋਡਕਟਸ ਕੰਪਨੀ ‘ਚ ਲੀਕ ਹੋਈ ਹੈ। ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਅੰਦਰ ਪਹੁੰਚ ਗਈਆਂ ਹਨ ਅਤੇ ਉਹ ਇਸ ‘ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਫਿਲਹਾਲ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਲੋਕ ਗੈਸ ਲੀਕ ਹੋਣ ਕਾਰਨ ਫਸ ਗਏ ਹਨ। ਇਸ ਤੋਂ ਬਾਅਦ ਸਾਡੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਸਭ ਤੋਂ ਪਹਿਲਾਂ ਟੀਮਾਂ ਨੇ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਇਸ ਦੌਰਾਨ, ਪਹਿਲਾਂ ਕੰਧ ਨੂੰ ਪਿਛਲੇ ਪਾਸੇ ਤੋਂ ਤੋੜਿਆ ਗਿਆ। ਇਸ ਤੋਂ ਬਾਅਦ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਕੰਮ ‘ਚ ਕਰੇਨ ਦੀ ਮੱਦਦ ਵੀ ਲਈ ਗਈ। ਜਿਨ੍ਹਾਂ ਲੋਕਾਂ ਦੀ ਸਿਹਤ ਜ਼ਿਆਦਾ ਗੰਭੀਰ ਸੀ, ਉਨ੍ਹਾਂ ਨੂੰ ਸਿੱਧੇ ਹਸਪਤਾਲ ਲਿਜਾਇਆ ਗਿਆ। ਗੈਸ ਕਾਰਨ ਕੁਝ ਰਿਹਾਇਸ਼ੀ ਇਲਾਕਿਆਂ ਦੇ ਲੋਕ ਵੀ ਪ੍ਰਭਾਵਿਤ ਹੋਏ।

ਅਮੋਨੀਆ ਪਲਾਂਟ ਨੂੰ ਬੰਦ ਕਰਨ ਦਾ ਕੰਮ ਚੱਲ ਰਿਹਾ ਹੈ। ਪਹਿਲਾਂ ਅਸੀਂ ਸਥਿਤੀ ਨੂੰ ਕਾਬੂ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Read More: Punjab: ਜਲੰਧਰ ਵਿਖੇ ਬਰਫ ਫੈਕਟਰੀ ‘ਚ ਗੈਸ ਲੀਕ, ਪੁਲਿਸ ਨੇ ਇਲਾਕਾ ਕੀਤਾ ਸੀਲ

Scroll to Top