ਚੰਡੀਗੜ੍ਹ, 08 ਮਈ 2024: ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੌਰਾਨ ਦੋ ਸੀਨੀਅਰ ਆਗੂਆਂ ਦੇ ਬਿਆਨਾਂ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਦੇ ਬਿਆਨ ‘ਤੇ ਸਿਆਸੀ ਆਗੂ ਆਹਮੋ ਸਾਹਮਣੇ ਹਨ |ਰਾਮ ਗੋਪਾਲ ਯਾਦਵ ਦਾ ਕਹਿਣਾ ਸੀ ਕਿ ‘ਅਯੁੱਧਿਆ ‘ਚ ਰਾਮ ਮੰਦਰ (Ram Mandir) ਦਾ ਨਕਸ਼ਾ ਅਤੇ ਆਰਕੀਟੈਕਚਰ ਸਹੀ ਨਹੀਂ ਹੈ। ਇਸ ਤਰ੍ਹਾਂ ਮੰਦਰ ਨਹੀਂ ਬਣਦੇ । ਉਹ ਮੰਦਰ ਬੇਕਾਰ ਹੈ।
ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਲਖੀਮਪੁਰ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਸਪਾ ਆਗੂ ਰਾਮ ਗੋਪਾਲ ਯਾਦਵ ਦੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਉਹ ਰਾਮ ਮੰਦਰ ਨੂੰ ਬੇਕਾਰ ਕਹਿੰਦੇ ਹਨ। ਜੇਕਰ ਉਨ੍ਹਾਂ ਨੇ ਥੋੜ੍ਹੀ ਜਿਹੀ ਵੀ ਗਲਤੀ ਕੀਤੀ ਤਾਂ ਰਾਮ ਮੰਦਰ (Ram Mandir) ‘ਤੇ ਬਾਬਰੀ ਦੇ ਨਾਂ ‘ਤੇ ਤਾਲਾ ਲਗਾ ਦੇਣਗੇ। ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਉੱਤਰ ਪ੍ਰਦੇਸ਼ ਵਿੱਚ ਸਪਾ ਦੀ ਸਰਕਾਰ ਸੀ। ਗੁੰਡਾਗਰਦੀ ਚੱਲ ਰਹੀ ਸੀ, ਜ਼ਮੀਨਾਂ ‘ਤੇ ਕਬਜ਼ੇ ਕੀਤੇ ਗਏ। ਹੋਲੀ ਅਤੇ ਦੀਵਾਲੀ ਵਾਲੇ ਦਿਨ ਬਿਜਲੀ ਨਹੀਂ ਸੀ ਅਤੇ ਰਮਜ਼ਾਨ ਦੌਰਾਨ 24 ਘੰਟੇ ਬਿਜਲੀ ਰਹਿੰਦੀ ਸੀ।
ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ, ਸਪਾ ਅਤੇ ਬਸਪਾ ਝੂਠਾ ਪ੍ਰਚਾਰ ਕਰਕੇ ਭਾਜਪਾ ਅਤੇ ਮੋਦੀ ਨੂੰ ਬਦਨਾਮ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਮੋਦੀ ਨੂੰ 400 ਸੀਟਾਂ ਦੇ ਦਿਓ ਤਾਂ ਰਿਜ਼ਰਵੇਸ਼ਨ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਉਥੇ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਕੱਟ ਕੇ ਮੁਸਲਮਾਨਾਂ ਨੂੰ ਪੰਜ ਫੀਸਦੀ ਰਾਖਵਾਂਕਰਨ ਦਿੱਤਾ ਗਿਆ। ਪੱਛੜੀਆਂ ਸ਼੍ਰੇਣੀਆਂ ਦੇ ਰਾਖਵੇਂਕਰਨ ਨੂੰ ਕੱਟਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ। ਗ੍ਰਹਿ ਮੰਤਰੀ ਨੇ ਸੰਵਿਧਾਨ ਵਿਰੋਧੀ ਮੁਸਲਿਮ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕੀਤੀ।