ਲੁਧਿਆਣਾ, 17 ਸਤੰਬਰ 2025: NRI Murder Case: 71 ਸਾਲਾ ਅਮਰੀਕੀ ਨਾਗਰਿਕ ਅਤੇ ਭਾਰਤੀ ਮੂਲ ਦੀ ਔਰਤ ਰੁਪਿੰਦਰ ਕੌਰ ਪੰਧੇਰ ਦਾ ਲੁਧਿਆਣਾ ਨੇੜੇ ਪਿੰਡ ਕਿਲ੍ਹਾ ਰਾਏਪੁਰ ‘ਚ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਜੁਲਾਈ ਦੇ ਅਖੀਰ ‘ਚ ਵਾਪਰੀ ਸੀ ਪਰ ਹਾਲ ਹੀ ‘ਚ ਸਾਹਮਣੇ ਆਈ ਹੈ। ਪੁਲਿਸ ਨੇ ਉਕਤ ਮਾਮਲੇ ‘ਚ ਮੁੱਖ ਮੁਲਜ਼ਮ ਨੂੰ ਹਿਰਾਸਤ ‘ਚ ਲਿਆ ਹੈ।
ਜਾਣਕਾਰੀ ਮੁਤਾਬਕ ਰੁਪਿੰਦਰ ਕੌਰ ਤਲਾਕਸ਼ੁਦਾ ਸੀ ਅਤੇ ਕਈ ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕਤਲ ਦੀ ਯੋਜਨਾ ਚਰਨਜੀਤ ਨੇ ਬਣਾਈ ਸੀ, ਜੋ ਇਸ ਸਮੇਂ ਇੰਗਲੈਂਡ ‘ਚ ਹੈ ਅਤੇ ਲੰਬੇ ਸਮੇਂ ਤੋਂ ਔਰਤ ਦੇ ਸੰਪਰਕ ‘ਚ ਸੀ। ਪੁਲਿਸ ਛੇਤੀ ਹੀ ਮਾਮਲੇ ‘ਚ ਹੋਰ ਜਾਣਕਾਰੀਆਂ ਦਾ ਖੁਲਾਸਾ ਕਰਨ ਲਈ ਕੰਮ ਕਰ ਰਹੀ ਹੈ।
ਏਸੀਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਮਾਮਲੇ ‘ਚ ਹੋਰ ਸਬੂਤ ਇਕੱਠੇ ਕਰ ਰਹੀ ਹੈ, ਜਿਸ ‘ਚ ਰੁਪਿੰਦਰ ਕੌਰ ਪੰਧੇਰ ਦੇ ਕੰਕਾਲ ਦੇ ਅਵਸ਼ੇਸ਼ਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਮੁੱਖ ਮੁਲਜ਼ਮ ਸੁਖਜੀਤ ਸਿੰਘ ਸੋਨੂੰ, ਜੋ ਕਿ ਮਾਲ੍ਹਾ ਪੱਟੀ, ਕਿਲਾ ਰਾਏਪੁਰ ਦਾ ਰਹਿਣ ਵਾਲਾ ਹੈ, ਜਿਸ ਨੇ ਪੁਲਿਸ ਸਾਹਮਣੇ ਕਬੂਲ ਕੀਤਾ ਕਿ ਉਸਨੇ ਰੁਪਿੰਦਰ ਕੌਰ ਦਾ ਕਤਲ ਕੀਤਾ ਸੀ। ਪੁਲਿਸ ਮੁਤਾਬਕ ਉਸਨੇ ਕਿਹਾ ਕਿ ਇਹ ਸਾਜ਼ਿਸ਼ ਵਿਆਹ ਦੇ ਨਾਮ ‘ਤੇ ਰਚੀ ਗਈ ਸੀ।
ਦੋਸ਼ ਹੈ ਕਿ ਮੁਲਜ਼ਮਾਂ ਨੇ ਰੁਪਿੰਦਰ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਲਈ ਇਹ ਸਾਜ਼ਿਸ਼ ਰਚੀ ਸੀ। ਰੁਪਿੰਦਰ ਕੌਰ ਨੇ ਮੁਲਜ਼ਮ ਸੋਨੂੰ ਅਤੇ ਉਸਦੇ ਭਰਾ ਦੇ ਖਾਤਿਆਂ ‘ਚ ਵੱਡੀ ਰਕਮ ਟ੍ਰਾਂਸਫਰ ਕੀਤੀ।
ਡੇਹਲੋਂ ਦੇ ਐਸਐਚਓ ਸੁਖਜਿੰਦਰ ਸਿੰਘ ਵੱਲੋਂ ਪੇਸ਼ ਕੀਤੀ ਸਟੇਟਸ ਰਿਪੋਰਟ ਦੇ ਮੁਤਾਬਕ ਸੋਨੂੰ ਨੇ ਆਪਣੇ ਸਾਥੀ ਚਰਨਜੀਤ ਨਾਲ ਮਿਲ ਕੇ ਸਾਜ਼ਿਸ਼ ਰਚੀ ਅਤੇ ਕਤਲ ਨੂੰ ਅੰਜਾਮ ਦਿੱਤਾ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਹੈ।
Read More: ਵਿਜੀਲੈਂਸ ਬਿਊਰੋ ਨੇ ਇੱਕ ਪ੍ਰਾਈਵੇਟ ਵਿਅਕਤੀ ਨੂੰ 20000 ਰੁਪਏ ਦੀ ਰਿਸ਼ਵਤ ਲੈਂਦੇ ਕੀਤਾ ਕਾਬੂ