ਚੰਡੀਗੜ੍ਹ, 12 ਅਪ੍ਰੈਲ 2024: ਲੁਧਿਆਣਾ ਦੇ ਰਹਿਣ ਵਾਲੇ ਇੱਕ ਐਂਬੂਲੈਂਸ ਡਰਾਈਵਰ ਦੀ ਵਾਰਾਣਸੀ (Varanasi) ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਐਂਬੂਲੈਂਸ ਵਿੱਚ ਹੀ ਪਈ ਮਿਲੀ। ਡਰਾਈਵਰ ਨੇ ਮਰੀਜ਼ ਨੂੰ ਵਾਰਾਣਸੀ ਵਿੱਚ ਛੱਡ ਦਿੱਤਾ ਅਤੇ ਆਰਾਮ ਕਰਨ ਲਈ ਵਾਰਾਣਸੀ ਹਾਈਵੇਅ ‘ਤੇ ਇੱਕ ਪੈਟਰੋਲ ਪੰਪ ‘ਤੇ ਰੁਕਿਆ। ਜਦੋਂ ਕਈ ਘੰਟੇ ਬਾਅਦ ਵੀ ਉਹ ਕਾਰ ‘ਚੋਂ ਬਾਹਰ ਨਾ ਆਇਆ ਤਾਂ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਲੁਧਿਆਣਾ ਦੇ ਫਤਿਹਗੰਜ ਇਲਾਕੇ ਦੇ ਰਹਿਣ ਵਾਲੇ 20 ਸਾਲਾ ਜਰਨੈਲ ਸਿੰਘ ਵਜੋਂ ਹੋਈ ਹੈ।
ਥਾਣਾ ਫੂਲਪੁਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਐਂਬੂਲੈਂਸ ਖੋਲ੍ਹ ਕੇ ਲਾਸ਼ ਦੀ ਜਾਂਚ ਕੀਤੀ ਗਈ, ਮੌਕੇ ‘ਤੇ ਫੋਰੈਂਸਿਕ ਵਿਭਾਗ ਨੂੰ ਬੁਲਾਇਆ ਗਿਆ। ਪੁਲਿਸ ਨੇ ਲਾਸ਼ ਦੇ ਨੇੜੇ ਤੋਂ ਮਿਲੇ ਦਸਤਾਵੇਜ਼ਾਂ ਤੋਂ ਪ੍ਰਾਪਤ ਨੰਬਰਾਂ ਦੀ ਵਰਤੋਂ ਕਰਕੇ ਡਰਾਈਵਰ ਦੇ ਪਰਿਵਾਰ ਨਾਲ ਸੰਪਰਕ ਕੀਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਜਰਨੈਲ ਸਿੰਘ ਐਂਬੂਲੈਂਸ ਚਲਾਉਂਦਾ ਸੀ। ਉਹ ਸੋਮਵਾਰ ਸ਼ਾਮ ਸਿਵਲ ਹਸਪਤਾਲ ਲੁਧਿਆਣਾ ਤੋਂ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਮਰੀਜ਼ ਨੂੰ ਛੱਡਣ ਗਿਆ ਸੀ। ਜਿੱਥੋਂ ਉਕਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਵਾਰਾਣਸੀ ਦੇ ਟਰਾਮਾ ਸੈਂਟਰ ਹਸਪਤਾਲ ‘ਚ ਦਾਖਲ ਕਰਵਾਉਣ ਲਈ ਕਿਹਾ। ਜਿਸ ‘ਤੇ ਐਂਬੂਲੈਂਸ ਚਾਲਕ ਜਰਨੈਲ ਨੇ ਆਪਣੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਉਹ ਵਾਰਾਣਸੀ (Varanasi) ਵੱਲ ਜਾ ਰਿਹਾ ਹੈ। ਜਿੱਥੋਂ ਉਹ ਦੋ ਦਿਨਾਂ ਵਿੱਚ ਵਾਪਸ ਆ ਜਾਵੇਗਾ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰਾਈਵਰ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।