July 7, 2024 7:46 am
ਅੰਬੇਡਕਰ ਇੰਸਟੀਚਿਊਟ

ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਖੇ ਫਿਜ਼ੀਓਲੋਜੀ/ਮੈਡੀਸਨ 2023 ‘ਚ ਨੋਬਲ ਪੁਰਸਕਾਰ ਦੇ ਸਬੰਧ ‘ਚ ਵਿਦਿਆਰਥੀਆਂ ਲਈ ਜਾਗਰੂਕਤਾ ਸੈਸ਼ਨ

ਐਸ.ਏ.ਐਸ.ਨਗਰ, 14 ਅਕਤੂਬਰ, 2023: ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ.ਆਈ.ਐਮ.ਐਸ.), ਮੋਹਾਲੀ ਨੇ ਇਸ ਸਾਲ ਦੇ ਫਿਜ਼ੀਓਲੋਜੀ/ਮੈਡੀਸਨ 2023 ਦੇ ਨੋਬਲ ਪੁਰਸਕਾਰ ਦੇ ਸਬੰਧ ਵਿੱਚ ਆਪਣੇ ਐਮ ਬੀ ਬੀ ਐਸ ਵਿਦਿਆਰਥੀਆਂ ਅਤੇ ਫੈਕਲਟੀ ਲਈ “ਮੈਡੀਸਨ 2023 ਵਿੱਚ ਨੋਬਲ ਪੁਰਸਕਾਰ ਦੀ ਗਾਥਾ” ਵਿਸ਼ੇ ‘ਤੇ ਇੱਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ।

ਇਸ ਮੌਕੇ ਪੀ ਜੀ ਆਈ ਐਮ ਈ ਆਰ, ਚੰਡੀਗੜ੍ਹ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਪੱਲਬ ਰੇਅ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਿਦਿਆਰਥੀਆਂ ਨੂੰ ਇਸ ਸਨਮਾਨ ਦੇ ਪਿੱਛੇ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ, ਜੋ ਉਨ੍ਹਾਂ ਕਾਬਿਲ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਰਸਾਇਣ, ਭੌਤਿਕ ਵਿਗਿਆਨ, ਸਰੀਰ ਵਿਗਿਆਨ/ਮੈਡੀਸਨ, ਸਾਹਿਤ ਅਤੇ ਸ਼ਾਂਤੀ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ।

ਨੋਬਲ ਪੁਰਸਕਾਰ ਜੇਤੂ ਕੈਟੀਲਿਨ ਕੈਰੀਕੋ ਅਤੇ ਡਰਿਊ ਵੇਇਸਮੈਨ ਦੁਆਰਾ ਕੀਤੀ ਗਈ ਖੋਜ, ਜਿਸ ਨੇ ਬਾਇਓ ਐਨਟੈਕ/ਫਾਈਜ਼ਰ ਅਤੇ ਮੋਡੇਰਨਾ ਦੁਆਰਾ ਦੋ ਪ੍ਰਭਾਵਸ਼ਾਲੀ ਐਮ ਆਰ ਐਨ ਏ (mRNA) ਟੀਕਿਆਂ ਦਾ ਆਧਾਰ ਬਣਾਇਆ, ਨੇ ਸਾਨੂੰ ਦੁਨੀਆ ਭਰ ਵਿੱਚ ਸਾਰਸਕੋਵ -2 (SARSCoV-2) ਵਾਇਰਸ ਵਿਰੁੱਧ ਸਫਲ ਲੜਾਈ ਲਈ ਸਮਰੱਥ ਬਣਾਇਆ ਹੈ ਅਤੇ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਐੱਮ.ਬੀ.ਬੀ.ਐੱਸ. ਦੇ ਵਿਦਿਆਰਥੀਆਂ ਨੇ ਜਾਣਕਾਰੀ ਭਰਪੂਰ ‘ਰੋਲਪਲੇਅ’ ਰਾਹੀਂ ਆਪਣੀ ਪੇਸ਼ਕਾਰੀ ਨੂੰ ਦਰਸਾਇਆ। ਕੋਵਿਡ ਐਮ ਆਰ ਐਨ ਏ (mRNA) ਵੈਕਸੀਨ ਦੀ ਖੋਜ ਅਤੇ ਵਿਕਾਸ ਦੇ ਪਿੱਛੇ ਬਾਇਓਕੈਮੀਕਲ, ਮਾਈਕਰੋਬਾਇਓਲੋਜੀਕਲ ਅਤੇ ਫਾਰਮਾਕੋਲੋਜੀਕਲ ਪਹਿਲੂਆਂ ਬਾਰੇ ਫੈਕਲਟੀ ਦੁਆਰਾ ਵਿਦਿਆਰਥੀਆਂ ਨਾਲ ਵਿਸਤਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਉਨ੍ਹਾਂ ਦੇ ਨੌਜਵਾਨ ਦਿਮਾਗਾਂ ਨੂੰ ਏਕੀਕ੍ਰਿਤ ਸਿਖਲਾਈ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਇਕੱਠ ਨੂੰ ਸੰਬੋਧਨ ਕਰਦਿਆਂ, ਡਾ. ਪੱਲਬ ਰੇਅ ਨੇ ਇੱਕ ਘਾਤਕ ਮਹਾਂਮਾਰੀ ਤੋਂ ਬਚਾਉਣ ਵਿੱਚ ਇਸ ਖੋਜ ਦੀ ਵਿਸ਼ਾਲ ਅਤੇ ਸਾਰਥਿਕ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਮਾਈਕ੍ਰੋਬਾਇਓਲੋਜੀ ਹਮੇਸ਼ਾਂ ਸਾਡੇ ਆਲੇ ਦੁਆਲੇ ਹੁੰਦੀ ਹੈ।

ਡਾ. ਭਵਨੀਤ ਭਾਰਤੀ, ਡਾਇਰੈਕਟਰ ਪ੍ਰਿੰਸੀਪਲ, ਏ ਆਈ ਐਮ ਐਸ, ਮੋਹਾਲੀ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਖੋਜਾਰਥੀਆਂ ਤੋਂ ਪ੍ਰੇਰਿਤ ਹੋ ਕੇ ਜੀਵਨ ਵਿੱਚ ਆਪਣੇ ਸਾਰੇ ਯਤਨਾਂ ਵਿੱਚ ਸਰਵੋਤਮਤਾ ਪ੍ਰਾਪਤ ਕਰਨ ਅਤੇ ਔਕੜਾਂ ਦੇ ਸਾਹਮਣੇ ਕਦੇ ਵੀ ਹਾਰ ਨਾ ਮੰਨਣ ਅਤੇ ਸਫਲਤਾ ਲਈ ਉੱਚੇ ਮਾਪਦੰਡ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਟੀਮ ਨੂੰ ਪ੍ਰੋਤਸਾਹਨ ਵਜੋਂ 8000 ਦੇ ਟੋਕਨ ਕੈਸ਼ ਅਵਾਰਡ ਦੀ ਪੇਸ਼ਕਸ਼ ਕਰਕੇ ਇਨਾਮ ਦਿੱਤਾ ਜਦਕਿ ਅਸਲ ਪੁਰਸਕਾਰ ਰਾਸ਼ੀ ਲਗਭਗ 8 ਕਰੋੜ ਭਾਰਤੀ ਰੁਪਏ ਦੀ ਹੁੰਦੀ ਹੈ। ਸਮਾਗਮ ਦੀ ਸਮਾਪਤੀ ਧੰਨਵਾਦੀ ਸ਼ਬਦਾਂ ਨਾਲ ਕੀਤੀ ਗਈ।