July 5, 2024 11:05 pm
Placement Campaign

ਅਮਨ ਅਰੋੜਾ ਵੱਲੋਂ ਸੂਬਾ ਵਾਸੀਆਂ ਨੂੰ ਬਸੰਤ ਪੰਚਮੀ ਦੀ ਮੁਬਾਰਕਬਾਦ, ਚਾਇਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ

ਚੰਡੀਗੜ੍ਹ/ਸੰਗਰੂਰ, 25 ਜਨਵਰੀ, 2023: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਪਿ੍ਰੰਟਿੰਗ ਅਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਸੂਬਾ ਵਾਸੀਆਂ ਨੂੰ ਬਸੰਤ ਪੰਚਮੀ (Basant Panchami) ਦੇ ਪਵਿੱਤਰ ਤਿਓਹਾਰ ਦੀ ਮੁਬਾਰਕਬਾਦ ਦਿੱਤੀ। ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਬਸੰਤ ਪੰਚਮੀ ਦੇ ਪਾਵਨ ਤਿਓਹਾਰ ਮੌਕੇ ਸਿੰਥੈਟਿਕ ਜਾਂ ਕਿਸੇ ਹੋਰ ਮਾੜੀ ਸਮੱਗਰੀ ਨਾਲ ਬਣੀ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ ਉਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਬਸੰਤ ਪੰਚਮੀ (Basant Panchami) ਸਾਡੇ ਸਾਰਿਆਂ ਲਈ ਇੱਕ ਪਾਵਨ ਤੇ ਉਤਸ਼ਾਹਜਨਕ ਤਿਓਹਾਰ ਹੈ ਅਤੇ ਇਸ ਮੌਕੇ ਵੱਡੀ ਗਿਣਤੀ ’ਚ ਬੱਚੇ ਅਤੇ ਨੌਜਵਾਨ ਪਤੰਗਬਾਜ਼ੀ ’ਚ ਹਿੱਸਾ ਲੈਂਦੇ ਹਨ। ਉਨਾਂ ਕਿਹਾ ਕਿ ਇਸ ਪਾਵਨ ਤਿਓਹਾਰ ਮੌਕੇ ਚਾਇਨਾ ਡੋਰ ਦੀ ਵਰਤੋਂ ਕਰਨ ਨਾਲ ਮਨੁੱਖਾਂ ਅਤੇ ਬੇਜ਼ੁਬਾਨ ਜਾਨਵਰਾਂ ਤੇ ਪੰਛੀਆਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੁੰਦਾ ਹੈ ਜਿਸ ਲਈ ਇਸਦੀ ਵਰਤੋਂ ’ਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਜਾਣੀ ਚਾਹੀਦੀ ਹੈ।

ਕੈਬਨਿਟ ਮੰਤਰੀ ਨੇ ਪਤੰਗਬਾਜ਼ਾਂ ਨੂੰ ਵੀ ਅਪੀਲ ਕੀਤੀ ਕਿ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਲਈ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਕਿਉਕਿ ਇਸ ਦੀ ਵਜਾ ਨਾਲ ਕਈ ਵਾਰ ਬਹੁਤ ਵੱਡੇ ਹਾਦਸੇ ਵਾਪਰ ਜਾਂਦੇ ਹਨ ਜੋ ਕਿ ਮਨੁੱਖਤਾ ਦੇ ਨਾਲ-ਨਾਲ ਬੇਜ਼ੁਬਾਨ ਜਾਨਵਰਾਂ ਤੇ ਪੰਛੀਆਂ ਲਈ ਬਹੁਤ ਨੁਕਸਾਨਦੇਹ ਹੁੰਦੇ ਹਨ। ਉਨਾਂ ਕਿਹਾ ਕਿ ਪਤੰਗ ਚੜਾਉਣ ਲਈ ਆਮ ਧਾਗੇ ਵਾਲੀ ਡੋਰ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਜੋ ਵਾਤਾਵਰਨ ਨੂੰ ਵੀ ਪਲੀਤ ਹੋਣ ਤੋਂ ਬਚਾਇਆ ਜਾ ਸਕੇ।

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਾਬੰਦੀ ਸਖ਼ਤੀ ਨਾਲ ਲਾਗੂ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚਾਇਨਾ ਡੋਰ ਨਾ ਵਰਤਣ ਅਤੇ ਇਸਦੇ ਬੁਰੇ ਨਤੀਜਿਆਂ ਸਬੰਧੀ ਜਾਗਰੂਕ ਵੀ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਵਿਅਕਤੀ ਚਾਇਨਾ ਡੋਰ ਦੀ ਵਰਤੋਂ ਜਾਂ ਇਸ ਦੀ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।