June 30, 2024 11:25 pm
Aman Arora

ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟਜ਼ ਦੇ ਕੈਡਿਟਾਂ ਨਾਲ ਮੁਲਾਕਾਤ

ਚੰਡੀਗੜ੍ਹ, 19 ਅਪ੍ਰੈਲ 2023: ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ (Aman Arora) ਨੇ ਇੱਥੇ ਪੰਜਾਬ ਭਵਨ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) (ਲੜਕੇ) ਅਤੇ ਮਾਈ ਭਾਗੋ ਏ.ਐਫ.ਪੀ.ਆਈ. (ਲੜਕੀਆਂ) ਦੇ ਕੈਡਿਟਾਂ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਇਨ੍ਹਾਂ ਦੋ ਵੱਕਾਰੀ ਸੰਸਥਾਵਾਂ ਦਾ ਉਦੇਸ਼ ਰੱਖਿਆ ਸੇਵਾਵਾਂ ਅਕੈਡਮੀਆਂ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕਰਨ ਲਈ ਪੰਜਾਬ ਦੇ ਚੁਣੇ ਹੋਏ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਸਿਖਲਾਈ ਦੇਣਾ ਹੈ।

ਇਨ੍ਹਾਂ ਨਾਮਵਰ ਅਦਾਰਿਆਂ ਦਾ ਹਿੱਸਾ ਬਣਨ ਲਈ ਕੈਡਿਟਾਂ ਨੂੰ ਵਧਾਈ ਦਿੰਦਿਆਂ  ਅਮਨ ਅਰੋੜਾ ਨੇ ਸਾਰੇ ਕੈਡਿਟਾਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਸਥਾਈ ਕਮਿਸ਼ਨ ਦੀ ਪ੍ਰਾਪਤੀ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਾਸਤੇ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਕੈਡਿਟਾਂ ‘ਤੇ ਭਰੋਸਾ ਪ੍ਰਗਟਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਨੂੰ ਹੀ ਨਹੀਂ ਬਲਕਿ ਸੂਬੇ ਅਤੇ ਦੇਸ਼ ਨੂੰ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ ਕਿਉਂਕਿ ਉਨ੍ਹਾਂ ਨੇ ਰੱਖਿਆ ਸੇਵਾਵਾਂ ਦੇ ਬਹਾਦਰੀ ਅਤੇ ਅਨੁਸ਼ਾਸਨ ਵਾਲੇ ਖੇਤਰ ਵਿੱਚ ਕਰੀਅਰ ਬਣਾਉਣ ਦਾ ਸੁਪਨਾ ਸੰਜੋਇਆ ਹੈ।

ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ. ਸੰਧੂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਮਾਰਚ, 2022 ਤੋਂ ਹੁਣ ਤੱਕ ਇਸ ਇੰਸਟੀਚਿਊਟ ਦੀਆਂ 4 ਲੇਡੀ ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਰੈਂਕ ਮਿਲਿਆ ਹੈ, ਦੋ ਲੇਡੀ ਕੈਡਿਟਾਂ ਨੇ ਓ.ਟੀ.ਏ./ਏ.ਐਫ.ਏ. ਵਿੱਚ ਜੁਆਇਨ ਕੀਤਾ ਹੈ, ਇੱਕ ਲੇਡੀ ਕੈਡਿਟ ਨੇ ਐਨ.ਡੀ.ਏ. ਵਿੱਚ ਜੁਆਇਨ ਕੀਤਾ ਹੈ ਅਤੇ 25 ਲੇਡੀ ਕੈਡਿਟਾਂ ਏ.ਐਫ.ਸੀ.ਏ.ਟੀ. ਅਤੇ ਸੀ.ਡੀ.ਐਸ. ਲਿਖਤੀ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਐਸ.ਐਸ.ਬੀ. ਤੋਂ ਕਾਲ ਲੈਟਰਾਂ ਦੀ ਉਡੀਕ ਵਿੱਚ ਹਨ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ ਨੇ ਅਮਨ ਅਰੋੜਾ (Aman Arora) ਨੂੰ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ 18 ਕੈਡਿਟਾਂ ਨੇ ਐਨ.ਡੀ.ਏ./ਅਤੇ ਇਸਦੇ ਬਰਾਬਰ ਦੇ ਦਰਜੇ ਦੀਆਂ ਅਕੈਡਮੀਆਂ ਵਿੱਚ ਜੁਆਇਨ ਕੀਤਾ ਹੈ ਅਤੇ 22 ਕੈਡਿਟਾਂ ਨੇ ਭਾਰਤ ਦੇ ਰੱਖਿਆ ਬਲਾਂ ਵਿੱਚ ਅਫ਼ਸਰ ਰੈਂਕ ‘ਤੇ ਜੁਆਇੰਨ ਕੀਤਾ ਹੈ। 14 ਕੈਡਿਟਾਂ ਨੇ ਆਪਣੀ ਐਸ.ਐਸ.ਬੀ. ਦੀ ਪ੍ਰੀਖਿਆ ਕਲੀਅਰ ਕਰ ਲਈ ਹੈ ਅਤੇ ਮੈਰਿਟ ਸੂਚੀ ਤੇ ਕਾਲ ਲੈਟਰਾਂ ਦੀ ਉਡੀਕ ਵਿੱਚ ਹਨ। ਇਸ ਮੌਕੇ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਕੁਮਾਰ ਰਾਹੁਲ, ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।