July 2, 2024 4:45 pm
Aman Arora

ਅਮਨ ਅਰੋੜਾ ਨੇ ਸਿਵਲ ਹਸਪਤਾਲ ’ਚ OPD ਤੇ ਹੋਰ ਸੁਵਿਧਾਵਾਂ ਲਈ ਨਵੇਂ ਕਮਰਿਆਂ ਦੀ ਰੱਖੀ ਨੀਂਹ

ਸੁਨਾਮ ਊਧਮ ਸਿੰਘ ਵਾਲਾ/ਲੌਂਗੋਵਾਲ, 17 ਮਾਰਚ 2023: ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਿੰਟਿੰਗ ਤੇ ਸਟੇਸ਼ਨਰੀ, ਪ੍ਰਸ਼ਾਸਨਿਕ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ (Aman Arora) ਨੇ ਸੁਨਾਮ ਊਧਮ ਸਿੰਘ ਵਾਲਾ ਵਿਚਲੇ ਸਿਵਲ ਹਸਪਤਾਲ ’ਚ ਓ.ਪੀ.ਡੀ. ਤੇ ਹੋਰ ਸੁਵਿਧਾਵਾਂ ਲਈ ਲੋੜੀਂਦੇ ਨਵੇਂ ਕਮਰਿਆਂ ਦੀ ਨੀਂਹ ਰੱਖੀ

ਇਸ ਤੋਂ ਇਲਾਵਾ ਕੈਬਨਿਟ ਮੰਤਰੀ ਵੱਲੋਂ ਲੌਂਗੋਵਾਲ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਦੀ ਚਾਰਦਿਵਾਰੀ ਨਵੇਂ ਸਿਰਿਉਂ ਉਸਾਰੇ ਜਾਣ ਦੀ ਵੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਹਰ ਖੇਤਰ ’ਚ ਵੱਡੇ ਪੱਧਰ ’ਤੇ ਤਰੱਕੀ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ’ਚ ਹੋਰ ਵੀ ਬਹੁਤ ਵੱਡੀਆਂ ਸੌਗਾਤਾਂ ਸਮੁੱਚੇ ਪੰਜਾਬ ਅਤੇ ਖ਼ਾਸ ਕਰ ਸੁਨਾਮ ਹਲਕੇ ਦੇ ਲੋਕਾਂ ਨੂੰ ਮਿਲਣਗੀਆਂ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੁਨਾਮ ਸਿਵਲ ਹਸਪਤਾਲ ’ਚ ਇਨ੍ਹਾਂ ਨਵੇਂ ਕਮਰਿਆਂ ਦੀ ਉਸਾਰੀ ਚਾਰ ਮਹੀਨਿਆਂ ’ਚ ਪੂਰੀ ਕਰਵਾਈ ਜਾਣੀ ਯਕੀਨੀ ਬਣਾਈ ਜਾਵੇਗੀ ਅਤੇ ਇਸ ’ਤੇ ਤਕਰੀਬਨ 98 ਲੱਖ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ’ਚ ਕਮਰਿਆਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਿਹਤ ਦੇ ਖੇਤਰ ’ਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਅਹਿਦ ਤਹਿਤ ਇਹ ਉਸਾਰੀ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਮਰੇ ਓ.ਪੀ.ਡੀ. ਦੀ ਸੁਵਿਧਾ ਦੇ ਨਾਲ-ਨਾਲ ਮਰੀਜ਼ਾਂ ਦੇ ਉਡੀਕ ਹਾਲ ਵਜੋਂ ਵੀ ਵਰਤੇ ਜਾ ਸਕਣਗੇ।

ਲੌਂਗੋਵਾਲ ਦੀ ਸੀ.ਐਚ.ਸੀ. ਦੀ ਚਾਰਦਿਵਾਰੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਮਾਰਤ ਦੀ ਚਾਰਦਿਵਾਰੀ ਦੀ ਉਸਾਰੀ ਇਲਾਕੇ ਦੇ ਲੋਕਾਂ ਅਤੇ ਸੈਂਟਰ ਦੇ ਸਟਾਫ਼ ਦੀ ਚਿਰਾਕੋਣੀ ਮੰਗ ਸੀ ਜਿਸਨੂੰ ਪਿਛਲੀਆਂ ਸਰਕਾਰਾਂ ਵੱਲੋਂ ਲਗਾਤਾਰ ਅਣਗੌਲਿਆਂ ਕੀਤਾ ਗਿਆ।

ਉਨ੍ਹਾਂ (Aman Arora) ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਦੌਰਾਨ ਸਿਹਤ ਅਤੇ ਸਿੱਖਿਆ ਵਰਗੇ ਬੁਨਿਆਦੀ ਖੇਤਰਾਂ ’ਚ ਮਾਨ ਸਰਕਾਰ ਵੱਲੋਂ ਲਾਮਿਸਾਲ ਫੈਸਲੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸੈਂਟਰ ਦੀ ਇਸ ਚਾਰਦਿਵਾਰੀ ਦਾ ਕੰਮ 38 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਜਿਸਨੂੰ 2 ਮਹੀਨਿਆਂ ’ਚ ਪੂਰਾ ਕਰਵਾਇਆ ਜਾਵੇਗਾ।

ਇਸ ਮੌਕੇ ਸਿਵਲ ਸਰਜਨ ਡਾ ਪਰਮਿੰਦਰ ਕੌਰ, ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਆਸ਼ਾ ਬਜਾਜ ਐਮ ਸੀ, ਭਾਨੂੰ ਪ੍ਰਤਾਪ, ਮਨਪ੍ਰੀਤ ਬਾਂਸਲ, ਨਿਰਮਲਾ ਦੇਵੀ, ਲਾਭ ਸਿੰਘ, ਸੋਨੂੰ ਵਰਮਾ, ਵਿੱਕੀ ਗਰਗ, ਸੰਦੀਪ ਜਿੰਦਲ, ਬੱਬੂ, ਮੰਗਲ ਕਾਲਾ, ਰਾਜਾ ਨਕਟੇ, ਸੰਦੀਪ ਦੁੱਗਾਂ ਵੀ ਹਾਜ਼ਰ ਸਨ।