ਚੰਡੀਗੜ੍ਹ/ਐਸ.ਏ.ਐਸ. ਨਗਰ, 08 ਮਾਰਚ 2025: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ (Aman Arora) ਨੇ ਅੱਜ ਫੋਰਟਿਸ ਹਸਪਤਾਲ, ਮੋਹਾਲੀ ਦੇ ਸਿਰ ਐਂਡ ਗਰਦਨ ਸਰਜਰੀ ਅਤੇ ਈਐਨਟੀ ਵਿਭਾਗ ਵੱਲੋਂ ਕਰਵਾਏ ਦੋ-ਰੋਜਾ ਈਐਨਟੀ ਸਰਜੀਕਲ ਕਨਕਲੇਵ-2025 ਦਾ ਉਦਘਾਟਨ ਕੀਤਾ।
ਇਸ ਕਨਕਲੇਵ ਦੌਰਾਨ ਕੰਨ, ਨੱਕ ਅਤੇ ਗਲੇ (ENT) ਬਿਮਾਰੀਆਂ ਦੇ ਰੋਬੋਟਿਕ ਸਹਾਇਤਾ ਪ੍ਰਾਪਤ ਇਲਾਜ ਅਤੇ ਸਿਰ ਅਤੇ ਗਰਦਨ ਦੇ ਕੈਂਸਰ ਦੀ ਸਰਜਰੀ ਨਾਲ ਸਬੰਧਤ ਨਵੀਨਤਮ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਮਨ ਅਰੋੜਾ ਨੇ ਪੰਜਾਬ ‘ਚ ਸਿਹਤ ਸੰਭਾਲ ਖੇਤਰ ‘ਚ ਕੀਤੇ ਜਾ ਰਹੇ ਨਵੇਂ ਯਤਨਾਂ ਅਤੇ ਡਾਕਟਰਾਂ, ਖਾਸ ਕਰਕੇ ਈਐਨਟੀ ਮਾਹਰਾਂ ਦੀ ਪ੍ਰਸ਼ੰਸਾ ਕੀਤੀ।
ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੇ ਕਿਹਾ ਕਿ ਇਹ ਕਾਨਫਰੰਸ ਨਵੀਨਤਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਦਰਸਾਉਂਦੀ ਹੈ ਜੋ ਸਾਡੀ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਡਾਕਟਰ ਸਿਹਤ ਸੰਭਾਲ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਪੰਜਾਬ ਸਰਕਾਰ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਜੋ ਡਾਕਟਰੀ ਹੁਨਰ ਨੂੰ ਵਧਾ ਕੇ ਰਾਜ ਦੇ ਨਾਗਰਿਕਾਂ ਨੂੰ ਲਾਭ ਪਹੁੰਚਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰੋਬੋਟਿਕ ਸਰਜਰੀ ‘ਤੇ ਚਰਚਾ ਸਿਹਤ ਸੰਭਾਲ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਲਿਆਉਣ ‘ਚ ਮੱਦਦ ਕਰੇਗੀ।
ਫੋਰਟਿਸ ਹਸਪਤਾਲ, ਮੋਹਾਲੀ ‘ਚ ਈ.ਐਨ.ਟੀ. ਦੇ ਡਾਇਰੈਕਟਰ ਡਾ. ਅਸ਼ੋਕ ਗੁਪਤਾ ਨੇ ਸਰਜੀਕਲ ਸੰਮੇਲਨ ਆਲ ਇੰਡੀਆ ਰਾਈਨੋਲੋਜੀ ਸੋਸਾਇਟੀ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਇਸ ਕਨਕਲੇਵ ‘ਚ, ਈ.ਐਨ.ਟੀ. ਦੇ ਮਾਹਰ ਅਤੇ ਦੇਸ਼ ਭਰ ਦੇ ਵੱਖ-ਵੱਖ ਮੈਡੀਕਲ ਕਾਲਜਾਂ ਦੇ ਮਾਹਰ ਡਾਕਟਰਾਂ ਦੇ ਨਾਲ-ਨਾਲ ਜੂਨੀਅਰ ਅਤੇ ਸੀਨੀਅਰ ਰੈਜ਼ੀਡੈਂਟਾਂ ਸਮੇਤ 200 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ।
ਇਸ ਕਾਨਫਰੰਸ ਬਾਰੇ ਡਾ. ਅਸ਼ੋਕ ਗੁਪਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ‘ਚ ਈ.ਐਨ.ਟੀ. ਸਿਰ ਅਤੇ ਗਰਦਨ ਦੇ ਕੈਂਸਰ ਦੇ ਇਲਾਜ ਵਿੱਚ ਨਵੀਨਤਮ ਤਕਨੀਕਾਂ ਅਤੇ ਰੋਬੋਟਿਕ ਸਰਜਰੀ ਦੀ ਵਰਤੋਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਕਾਨਫਰੰਸ ‘ਚ ਲਾਈਵ ਸਰਜਰੀ ਸੈਸ਼ਨ, ਓਪਰੇਟਿੰਗ ਫੈਕਲਟੀ ਨਾਲ ਗੱਲਬਾਤ, ਪੈਨਲ ਚਰਚਾ, ਪੋਸਟਰ ਪੇਸ਼ਕਾਰੀਆਂ ਅਤੇ ਕੁਇਜ਼ ਵਰਗੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ।
ਈ.ਐਨ.ਟੀ. ਮਾਹਰ ਡਾ. ਅਨੁਰਾਗਿਨੀ ਗੁਪਤਾ ਨੇ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਉਦੇਸ਼ ਈ.ਐਨ.ਟੀ ਨਾਲ ਸਬੰਧਤ ਨਵੀਨਤਮ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਬਾਰੇ ਮਾਹਰ ਡਾਕਟਰਾਂ ਨੂੰ ਸਿਖਲਾਈ ਦੇਣਾ ਸੀ|