Aman Arora

ਅਮਨ ਅਰੋੜਾ ਨੇ ਐਮਰਜੈਂਸੀ ਹਲਾਤ ‘ਚ ਉਤਰੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ‘ਚ ਸਵਾਰ ਫੌਜੀਆਂ ਨੂੰ ਤੁਰੰਤ ਪ੍ਰਸ਼ਾਸ਼ਨਿਕ ਮੱਦਦ ਪਹੁੰਚਾਈ

ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ 2024: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੇ ਅੱਜ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਢੱਡਰੀਆਂ ਵਿਖੇ ਤਕਨੀਕੀ ਨੁਕਸ ਪੈ ਜਾਣ ਕਾਰਨ ਐਮਰਜੈਂਸੀ ਹਲਾਤ ਵਿੱਚ ਉਤਰੇ ਭਾਰਤੀ ਹਵਾਈ ਫੌਜ ਦੇ ਇੱਕ ਚਿਨਕੂਕ ਹੈਲੀਕਾਪਟਰ ਵਿਚ ਸਵਾਰ ਫੌਜੀਆਂ ਨਾਲ ਤੁਰੰਤ ਰਾਬਤਾ ਕੀਤਾ ਅਤੇ ਲੋੜੀਂਦੀ ਪ੍ਰਸ਼ਾਸ਼ਨਿਕ ਮੱਦਦ ਮੁਹੱਈਆ ਕਰਵਾਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੇ ਦੱਸਿਆ ਕਿ ਜਦੋਂ ਅੱਜ ਉਹ ਹਲਕੇ ਦੇ ਪਿੰਡਾਂ ਵਿੱਚ ਜਾਣ ਲਈ ਉਲੀਕੇ ਪ੍ਰੋਗਰਾਮਾਂ ਦੌਰਾਨ ਦੌਰੇ ਉੱਤੇ ਸਨ ਤਾਂ ਹਵਾਈ ਫੌਜ ਦੇ ਇਸ ਹੈਲੀਕਾਪਟਰ ਨੂੰ ਨੀਵੇਂ ਹੁੰਦੇ ਦੇਖਿਆ। ਉਨ੍ਹਾਂ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਤੁਰੰਤ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਉਹ ਖੁਦ ਵੀ ਮੌਕੇ ਉਤੇ ਹੀ ਹੈਲੀਕਾਪਟਰ ਕੋਲ ਪਹੁੰਚ ਗਏ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਚਿਨਕੂ ਟਰਾਂਸਪੋਰਟਰ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਹੀ ਇਕ ਹੋਰ ਹੈਲੀਕਾਪਟਰ ਰਾਹੀਂ 2 ਤਕਨੀਕੀ ਮਾਹਰ ਮੌਕੇ ਉਤੇ ਪੁੱਜੇ ਅਤੇ ਖਰਾਬ ਹੋਏ ਹੈਲੀਕਾਪਟਰ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਦੂਜਾ ਹੈਲੀਕਾਪਟਰ ਇਨ੍ਹਾਂ ਦੋਵੇਂ ਇੰਜੀਨੀਅਰਾਂ ਨੂੰ ਉਤਾਰਨ ਮਗਰੋਂ ਵਾਪਸ ਪਰਤ ਗਿਆ। ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਫੌਜੀ ਜਵਾਨਾਂ ਨਾਲ ਗੱਲਬਾਤ ਕਰਦਿਆਂ ਤਕਨੀਕੀ ਨੁਕਸ ਸਬੰਧੀ ਮੁਢਲੀ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਨੇ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਫ਼ੌਜੀ ਜਵਾਨਾਂ ਲਈ ਮੈਡੀਕਲ ਟੀਮ, ਭੋਜਨ ਆਦਿ ਮੰਗਵਾਏ ਅਤੇ ਸੁਰੱਖਿਅਤ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।

Scroll to Top