Aman Arora

ਅਮਨ ਅਰੋੜਾ ਨੇ 200 ਗ੍ਰੈਜੂਏਟ ਅਤੇ 50 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ

ਚੰਡੀਗੜ੍ਹ, 19 ਮਾਰਚ 2023: ਪੰਜਾਬ ਦੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕੁਐਸਟ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕਾਨਵੋਕੇਸ਼ਨ ਸਮਾਗਮ ਵਿੱਚ 200 ਗ੍ਰੈਜੂਏਟ ਅਤੇ 50 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ।

ਅਮਨ ਅਰੋੜਾ ਨੇ ਲਾਅ ਭਵਨ, ਸੈਕਟਰ 37, ਚੰਡੀਗੜ੍ਹ ਵਿਖੇ ਕਾਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਨੂੰ ਸਫ਼ਲਤਾ ਦਾ ਮੂਲਮੰਤਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ। ਇਸ ਲਈ ਵੱਡੇ ਸੁਪਨੇ ਦੇਖੋ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰੋ। ਕਦੇ ਵੀ ਹਾਰ ਨਾ ਮੰਨੋ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਨਿਰੰਤਰ ਯਤਨ ਕਰਦੇ ਰਹੋ।

ਅਮਨ ਅਰੋੜਾ ਨੇ ਹੁਨਰਮੰਦ ਜਵਾਨੀ ਦੀ ਵਿਦੇਸ਼ਾਂ ਨੂੰ ਹਿਜ਼ਰਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਰੁਝਾਨ ਕਾਰਨ ਹੋਣਹਾਰ ਅਤੇ ਪੜ੍ਹੇ-ਲਿਖੇ ਮਨੁੱਖੀ ਵਸੀਲਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪਹਿਲੇ ਸਾਲ ਦੌਰਾਨ ਹੀ 26,797 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।

ਇਸ ਮੌਕੇ ਰਜਿਸਟਰਾਰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਡਾ. ਐਸ.ਕੇ. ਮਿਸ਼ਰਾ, ਚੇਅਰਮੈਨ ਕੁਐਸਟ ਗਰੁੱਪ ਸ੍ਰੀ ਡੀ.ਐਸ. ਸੇਖੋਂ, ਉਪ ਚੇਅਰਮੈਨ ਤੇ ਕਾਰਜਕਾਰੀ ਡਾਇਰੈਕਟਰ ਐਚ.ਪੀ.ਐਸ. ਕਾਂਡਾ, ਵਾਈਸ ਚੇਅਰਮੈਨ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੁਖੀ ਜੇ.ਪੀ. ਐਸ. ਧਾਲੀਵਾਲ, ਕੈਂਪਸ ਡਾਇਰੈਕਟਰ ਡਾ. ਰਾਜੀਵ ਮਹਾਜਨ ਅਤੇ ਹੋਰ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।

Scroll to Top