July 3, 2024 2:13 am
School of Eminence

ਟਰੱਕ ਓਪਰੇਟਰਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਹਮੇਸ਼ਾ ਬਚਨਬੱਧ ਹਾਂ: ਹਰਜੋਤ ਸਿੰਘ ਬੈਂਸ

ਕੀਰਤਪੁਰ ਸਾਹਿਬ 24 ਜੂਨ ,2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਪਾਰਦਰਸ਼ੀ ਢੰਗ ਨਾਲ ਸੂਬੇ ਦੇ 29 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ 88% ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।

ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ (Harjot Singh Bains) ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਵਿਧਾਇਕ ਹਲਕਾ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪਿੰਡ ਮੱਸੇਵਾਲ ਵਿਖੇ ਕੀਰਤਪੁਰ ਸਾਹਿਬ ਟਰੱਕ ਓਪਰੇਟਰਸ ਕੋਆਪਰੇਟਿਵ ਟ੍ਰਾਂਸਪੋਰਟ ਸੁਸਾਇਟੀ ਲਿਮ. ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਹਾਜਰ ਸਮੂਹ ਟਰੱਕ ਓਪਰੇਟਰਾਂ ਅਤੇ ਪਤਵੰਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।

ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਟਰੱਕ ਓਪਰੇਟਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਟਰੱਕ ਓਪਰੇਟਰਾ ਨੂੰ ਕੰਤਮ ਮਿਲਣ ਵਿਚ ਕੋਈ ਮੁਸ਼ਕਿਲ ਨਹੀ ਹੋਵੇਗੀ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਰਾਜਨੀਤਿਕ ਆਗੂਆਂ ਵੱਲੋਂ ਆਪਣੇ ਸਵਾਰਥ ਲਈ ਟਰੱਕ ਯੂਨੀਅਨਾਂ ਦਾ ਰੁਜਗਾਰ ਤਬਾਹ ਕਰ ਦਿੱਤਾ ਸੀ। ਇਲਾਕੇ ਦੇ ਲੋਕਾਂ ਵੱਲੋ ਕਰਜ਼ਾ ਲੈ ਕੇ ਰੁਜਗਾਰ ਲਈ ਟਰੱਕ ਪਾਏ ਗਏ ਸਨ, ਉਹ ਹੁਣ ਕਰਜ਼ੇ ਦੀਆਂ ਕਿਸ਼ਤਾ ਦੇਣ ਤੋ ਵੀ ਅਸਮਰੱਥ ਸਨ।

ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਸਾਡੇ ਵੱਲੋਂ ਟਰੱਕ ਮਾਲਕਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ਗਈ ਅਤੇ ਟਰੱਕ ਓਪਰੇਟਰਾਂ ਨੂੰ ਕੰਮ ਲੈ ਕੇ ਰੁਜਗਾਰ ਮੁਹੱਇਆ ਕਰਵਾਇਆ ਗਿਆ। ਕੈਬਨਿਟ ਮੰਤਰੀ ਨੈ ਦੱਸਿਆ ਕਿ ਇਸ ਸਮੇਂ ਨੰਗਲ ਯੂਨੀਅਨ ਦੋ ਤੋਂ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਲਾਭ ਕਮਾ ਰਹੀ ਹੈ ਅਤੇ ਸਭ ਨੂੰ ਰੁਜਗਾਰ ਮਿਲ ਰਿਹਾ ਹੈ। ਇਸੇ ਤਰਾਂ ਹੁਣ ਕੀਰਤਪੁਰ ਸਾਹਿਬ ਟਰਾਂਸਪੋਰਟ ਸੁਸਾਇਟੀ ਦਾ ਵੀ ਕੰਮ ਚੱਲ ਪਿਆ ਹੈ, ਸਭ ਟਰੱਕ ਮਾਲਕਾਂ ਨੂੰ ਰੁਜਗਾਰ ਮਿਲ ਰਿਹਾ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ ਦੇ ਨਤੀਜੇ ਸ਼ਾਨਦਾਰ ਆਏ ਹਨ, ਉਹਨਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ 32 ਪ੍ਰਾਇਮਰੀ ਸਕੂਲਾਂ ਅਤੇ 16 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵਿਕਾਸ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੇਖ ਕੇ ਕੇਂਦਰ ਦੀ ਸਰਕਾਰ ਬਹੁਤ ਘਬਰਾ ਗਈ ਹੈ, ਕੇਂਦਰ ਸਰਕਾਰ ਵੱਲੋਂ ਪੰਜਾਬ ਦਾ 4 ਹਜਾਰ ਕਰੋੜ ਰੁਪਏ ਦਾ ਰੂਰਲ ਡਿਵੈਲਪਮੈਂਟ ਫੰਡ, 800 ਕਰੋੜ ਰੁਪਏ ਦਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਫੰਡ ਰੋਕ ਦਿਤਾ ਗਿਆ ਹੈ ਤਾਂ ਜੋ ਪੰਜਾਬ ਸਰਕਾਰ ਪਿੰਡਾਂ ਵਿਚ ਵਿਕਾਸ ਨਾ ਕਰਵਾ ਸਕੇ, ਨਾ ਹੀ ਨਵੀਆਂ ਸੜਕਾਂ ਬਣਾ ਸਕਣ ਅਤੇ ਨਾ ਹੀ ਆਮ ਆਦਮੀ ਕਲੀਨਿਕਾਂ ਵਿਚ ਮੁਫ਼ਤ ਦਵਾਈਆਂ ਮਿਲ ਸਕਣ ਲੋਕ ਭਲਾਈ ਅਤੇ ਲੋਕਹਿੱਤ ਦੇ ਸਾਰੇ ਕੰਮਾ ਨੂੰ ਕੇਂਦਰ ਸਰਕਾਰ ਅੜਿੱਕੇ ਲਾ ਰਹੀ ਹੈ। ਉਹਨਾਂ ਸਵਾਲ ਕੀਤਾ ਕਿ ਇਸ ਬਾਰੇ ਭਾਜਪਾ ਪੰਜਾਬ ਦੀ ਲੀਡਰਸ਼ਿਪ ਕਿਉਂ ਚੁੱਪ ਹੈ, ਕਿਉਂ ਕਿ ਇਸ ਪੈਸੇ ਨਾਲ ਤਾਂ ਪੰਜਾਬ ਦਾ ਹੀ ਵਿਕਾਸ ਹੋਣਾ ਹੈ।

ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਨੀਮ ਪਹਾੜੀ ਖੇਤਰ, ਚੰਗਰ ਦੇ ਵਿਕਾਸ ਦਾ ਜਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਚੰਗਰ ਇਲਾਕੇ ਦੀਆਂ ਸਾਰੀਆਂ ਸੜਕਾਂ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿੰਚਾਈ ਵਾਲੇ ਪਾਣੀ ਅਤੇ ਪੀਣ ਵਾਲੇ ਪਾਣੀ ਦੀ ਪਹਿਲਾਂ 80 ਕਰੋੜ ਰੁਪਏ ਦੀ ਲਿਫਟ ਇਰੀਗੇਸ਼ਨ ਸਕੀਮ ਦਾ ਕੰਮ ਚਲ ਰਿਹਾ ਹੈ ਇਸ ਤੋਂ ਇਲਾਵਾ 140 ਕਰੋੜ ਰੁਪਏ ਦੀ ਹੋਰ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਨਾਲ ਚੰਗਰ ਇਲਾਕੇ ਵਿਚ ਪੀਣ ਵਾਲੇ ਅਤੇ ਸਿੰਚਾਈ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਰਹੇਗੀ।ਉਹਨਾਂ ਕਿਹਾ ਕਿ ਚੰਗਰ ਇਲਾਕੇ ਵਿਚ ਬੰਦ ਪਏ ਸਾਰੇ ਸਿੰਚਾਈ ਵਾਲੇ ਡੂੰਘੇ ਟਿਊਬ-ਵੈੱਲ ਬੋਰਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ। ਇਸ ਸਮੇਂ ਪਿੰਡ ਰਾਏਪੁਰ ਸਾਹਨੀ ਚੰਗਰ ਦਾ ਅਜਿਹਾ ਪਿੰਡ ਬਣ ਗਿਆ ਹੈ ਜਿਸ ਕੋਲ ਇਸ ਸਮੇਂ ਪੀਣ ਵਾਲੇ ਪਾਣੀ ਦੀ ਕੋਈ ਘਾਟ ਨਹੀਂ ਹੈ।

ਉਹਨਾਂ ਕਿਹਾ ਕਿ ਬੀ.ਬੀ.ਐਮ.ਬੀ ਵੱਲੋਂ ਵੱਖ ਵੱਖ ਵਿਕਾਸ ਕੰਮਾਂ ਲਈ ਐਨ.ਓ.ਸੀ ਜਾਰੀ ਕਰਨ ਵਿਚ ਬੇਲੋੜੀ ਦੇਰੀ ਅਤੇ ਅੜਿੱਕੇ ਖੜੇ ਕੀਤੇ ਜਾ ਰਹੇ ਹਨ, ਜਿਸ ਕਾਰਨ ਹਲਕੇ ਵਿਚ ਵਿਕਾਸ ਕਾਰਜ ਕਰਵਾਉਣ ਵਿਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਬੀ.ਬੀ.ਐਮ.ਬੀ ਵਿਚ 8 ਹਜਾਰ ਅਸਾਮੀਆਂ ਖਾਲੀ ਪਈਆਂ ਹਨ, ਜਿਨ੍ਹਾਂ ਨੂੰ ਭਰਨ ਬਾਰੇ ਕੇਂਦਰ ਸਰਕਾਰ ਕੋਈ ਵਿਚਾਰ ਨਹੀਂ ਕਰ ਰਹੀ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿਖੇ ਹੋਰ ਵਾਧੂ ਸਟਾਫ ਲਗਾ ਕੇ ਲੋਕਾਂ ਨੂੰ 24 ਘੰਟੇ ਸਿਹਤ ਸਹੂਲਤਾਂ ਦੇਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਹਰਜੋਤ ਬੈਂਸ (Harjot Singh Bains) ਨੇ ਕਿਹਾ ਕਿ ਕੀਰਤਪੁਰ ਸਾਹਿਬ ਵਿਖੇ ਬੱਸ ਅੱਡਾ, ਸਬਜ਼ੀ ਮੰਡੀ ਤੇ ਸੜਕ ਕਿਨਾਰੇ ਹਸਪਤਾਲ ਬਣਾਉਣ ਲਈ ਲੋਕਾਂ ਦੀ ਸਹੂਲਤ ਮੁਤਾਬਿਕ ਢੁਕਵੀ ਜਗ੍ਹਾ ਨਹੀਂ ਹੈ। ਸੁਚਾਰੂ ਟਰੈਫਿਕ ਚਲਾਉਣ ਅਤੇ ਲੋਕਾਂ ਦੀ ਸਹੂਲਤ ਲਈ ਕੀਰਤਪੁਰ ਸਾਹਿਬ ਦੀ ਸਬਜ਼ੀ ਮੰਡੀ ਨੂੰ ਕੋਟਲਾ ਵਿਖੇ ਬੀ.ਬੀ.ਐਮ.ਬੀ ਦੀ ਜਮੀਨ ਵਿਚ ਸ਼ਿਫਟ ਕਰਨ ਲਈ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ।

ਇਸ ਮੌਕੇ ਉਹਨਾਂ ਸਮੂਹ ਟਰੱਕ ਓਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ 9 ਮੈਂਬਰੀ ਕਮੇਟੀ ਦੀ ਆਪ ਚੋਣ ਕਰਨ, ਉਹ ਅਜਿਹੇ ਮੈਂਬਰਾਂ ਦੀ ਚੋਣ ਕਰਨ ਜੋ ਟਰੱਕ ਓਪਰੇਟਰਾਂ ਦੀ ਭਲਾਈ ਲਈ ਹਮੇਸ਼ਾ ਦਿਨ ਰਾਤ ਹਾਜਰ ਰਹਿਣ ਅਤੇ ਅੱਗੇ ਵੱਧ ਕੇ ਕੰਮ ਕਰਨ ਅਜਿਹੇ ਵਿਅਕਤੀਆਂ ਦੀ ਬਿਲਕੁਲ ਚੋਣ ਨਾ ਕੀਤੀ ਜਾਵੇ ।ਇਸ ਮੌਕੇ ਸਮੂਹ ਟਰੱਕ ਓਪਰੇਟਰਾਂ ਵੱਲੋਂ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੋਰ ਤੇ ਸਨਮਾਨ ਵੀ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿਸ ਨੌਜਵਾਨ ਆਗੂ ਨੂੰ ਅਸੀ 58 ਪ੍ਰਤੀਸ਼ਤ ਵੋਟਾ ਪਾ ਕੇ ਵਿਧਾਨ ਸਭਾ ਵਿਚ ਭੇਜਿਆ ਸੀ ਉਸ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਸਭ ਤੋ ਨੋਜਵਾਨ ਕੈਬਨਿਟ ਬਣਾਇਆ ਅਤੇ ਉਸ ਨੂੰ ਸਭ ਤੋ ਵੱਧ ਕਰਮਚਾਰੀਆਂ ਵਾਲੇ ਵਿਭਾਗ ਦੀ ਜਿੰਮੇਵਾਰੀ ਸੌਂਪੀ ਕਿਉਕਿ ਸਿੱਖਿਆ ਵਿਭਾਗ ਸੂਬੇ ਦੀ ਤਰੱਕੀ ਦੀ ਬੁਨਿਆਦ ਰੱਖਦਾ ਹੈ, ਦੇਸ਼ ਦਾ ਭਵਿੱਖ ਅੱਜ ਸਕੂਲਾਂ ਤੋ ਹੀ ਤਿਆਰ ਹੋ ਰਿਹਾ ਹੈ।

ਇਸ ਮੌਕੇ ਸੋਹਣ ਸਿੰਘ ਬੈਂਸ, ਬਾਬਾ ਖੜਕ ਸਿੰਘ ਚੰਦਪੁਰ ਬੇਲਾ,ਹਰਦਿਆਲ ਸਿੰਘ ਸਰਪੰਚ ਮੱਸੇਵਾਲ, ਡਾ.ਜਰਨੈਲ ਸਿੰਘ ਦਬੂੜ ਪ੍ਰਧਾਨ ਚੰਗਰ ਜੋਨ 2, ਦਲਜੀਤ ਸਿੰਘ ਕਾਕਾ ਨਾਨਗਰਾਂ, ਮਨੀਸ਼ ਬਾਵਾ, ਗੁਰਦਿਆਲ ਸਿੰਘ ਕੇ.ਟੀ.ਸੀ, ਗਿਆਨ ਸਿੰਘ ਸਰਪੰਚ ਚੀਕਣਾ, ਜਸਵੀਰ ਸਿੰਘ ਰਾਣਾ, ਸੋਨੂੰ ਚੌਧਰੀ, ਅਮਰੀਕ ਸਿੰਘ ਵਿਰਕ, ਕੇਸਰ ਸਿੰਘ ਸੰਧੂ, ਦਰਸਨ ਸਿੰਘ ਅਟਾਰੀ,ਸੁੱਚਾ ਸਿੰਘ ਜੇ.ਈ, ਗੁਰਪ੍ਰੀਤ ਅਰੋੜਾ, ਗਗਨਦੀਪ ਸਿੰਘ ਭਾਰਜ,  ਸਤੀਸ਼ ਬਾਵਾ, ਗੁਰਚਰਨ ਸਿੰਘ, ਪਾਲ ਸਿੰਘ ਚੀਕਣਾ, ਬਲਦੇਵ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਭੀਰੀ, ਜੁਗਰਾਜ ਸਿੰਘ ਬਿੱਲੂ, ਮਾਨ ਸਿੰਘ ਧੀਮਾਨ, ਮਹਿੰਦਰ ਸਿੰਘ ਮੱਸੇਵਾਲ, ਕੁਲਵਿੰਦਰ ਸਿੰਘ ਬਿੱਟੂ ਦੇਹਣੀ, ਇੰਦਰ ਸਿੰਘ ਦਬੂੜ, ਦਰਸਨ ਸਿੰਘ ਬਰੂਵਾਲ, ਡਾ. ਖੁਸਹਾਲ ਸਿੰਘ ਬਰੂਵਾਲ, ਬਲਦੀਪ ਸਿੰਘ ਭੁੱਲਰ, ਸਿੰਗਾਰਾ ਸਿੰਘ, ਜਰਨੈਲ ਸਿੰਘ ਮੱਸੇਵਾਲ, ਮਾਨ ਸਿੰਘ ਦੇਹਣੀ,ਮੰਗਲ ਸਿੰਘ ਆਦਿ ਹਾਜਰ ਸਨ।