Kurali

ਹਵਾਈ ਅੱਡੇ ਰੋਡ ’ਤੇ ਆਵਾਜਾਈ ਨੂੰ ਘੱਟ ਕਰਨ ਲਈ ਆਈ ਟੀ ਸਿਟੀ ਤੋਂ ਕੁਰਾਲੀ ਤੱਕ ਦਾ ਬਦਲਵਾਂ ਨੈਸ਼ਨਲ ਹਾਈਵੇਅ ਨਿਰਮਾਣ ਅਧੀਨ

ਐੱਸ.ਏ.ਐੱਸ. ਨਗਰ, 06 ਨਵੰਬਰ 2023: ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਆਈ.ਟੀ.ਸਿਟੀ-ਕੁਰਾਲੀ (Kurali) ਨੈਸ਼ਨਲ ਹਾਈਵੇਅ 205-ਏ ਜਲਦੀ ਹੀ ਏਅਰਪੋਰਟ ਰੋਡ ਮੋਹਾਲੀ ਵਿਖੇ ਟਰੈਫਿਕ ਜਾਮ ਨੂੰ ਦੂਰ ਕਰਨ ਲਈ ਬਦਲਵਾਂ ਰਸਤਾ ਹੋਵੇਗਾ।ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਪਰਦੀਪ ਅੱਤਰੀ, ਏ.ਡੀ.ਸੀ.(ਜ) ਵਿਰਾਜ ਐਸ.ਤਿੜਕੇ, ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਸਹਾਇਕ ਕਮਿਸ਼ਨਰ (ਯੂ.ਟੀ.) ਡੇਵੀ ਗੋਇਲ ਅਤੇ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਨਾਲ ਮੀਟਿੰਗ ਦੌਰਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ, ਡਿਪਟੀ ਕਮਿਸ਼ਨਰ ਨੇ ਐਨ.ਐਚ.ਏ.ਆਈ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਪ੍ਰੋਜੈਕਟਾਂ ਦੇ ਨਿਰਵਿਘਨ ਨਿਰਮਾਣ/ਸੰਪੂਰਨਤਾ ਵਿੱਚ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕਿਹਾ।

ਪ੍ਰੋਜੈਕਟ ਡਾਇਰੈਕਟਰ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਆਈ.ਟੀ.ਸਿਟੀ ਤੋਂ ਕੁਰਾਲੀ (Kurali) ਐੱਨ.ਐੱਚ. 205-ਏ ਤੱਕ ਦਾ 30 ਫੀਸਦੀ ਜ਼ਮੀਨੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਜਲਦੀ ਹੀ ਏਅਰਪੋਰਟ ਰੋਡ ’ਤੇ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਇਹ ਪ੍ਰੋਜੈਕਟ ਮਿੱਥੇ ਸਮੇਂ ’ਚ ਪੂਰਾ ਹੋ ਜਾਵੇਗਾ। ਉਨ੍ਹਾਂ ਵੱਲੋਂ ਇੱਕ ਕਿਲੋਮੀਟਰ ਦੇ ਲੰਬਿਤ ਪਏ ਕਬਜ਼ੇ ਦਾ ਮੁੱਦਾ ਉਠਾਉਣ ’ਤੇ ਡਿਪਟੀ ਕਮਿਸ਼ਨਰ ਨੇ ਡੀ.ਆਰ.ਓ. ਨੂੰ ਕਬਜ਼ੇ ਸਬੰਧੀ ਸਾਰੀਆਂ ਰਸਮੀ ਕਾਰਵਾਈਆਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਸਰਹਿੰਦ-ਮੋਹਾਲੀ ਐਨ ਐਚ -205-ਏ ਜੀ ਦੀ ਪ੍ਰਗਤੀ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਲ 151.86 ਕਰੋੜ ਰੁਪਏ ਦੀ ਅਧਿਗ੍ਰਹਿਣ ਰਾਸ਼ੀ ਵਿੱਚੋਂ 128.46 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਜਦਕਿ ਭਾਗੋ ਮਾਜਰਾ ਅਤੇ ਰਾਏਪੁਰ ਕਲਾਂ ਦੇ ਅਵਾਰਡਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

ਅੰਬਾਲਾ-ਕਾਲਾਅੰਬ ਸੜ੍ਹਕ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਐਨ.ਐਚ.ਏ.ਆਈ ਦੁਆਰਾ ਜ਼ਮੀਨ ਪ੍ਰਾਪਤੀ ਲਈ ਕੰਪਟੀਟੈਂਟ ਅਥਾਰਟੀ (ਉਪ ਮੰਡਲ ਮੈਜਿਸਟਰੇਟ) ਕੋਲ 41.3 ਕਰੋੜ ਰੁਪਏ ਜਮ੍ਹਾਂ ਕਰਵਾਉਣ ਨਾਲ ਅੰਨਟਾਲਾ, ਖੇਲਾਂ, ਮੱਲਣ ਅਤੇ ਰਾਜਾਪੁਰ ਲਈ ਮੁਆਵਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਵਿੱਚੋਂ 22 ਕਰੋੜ ਰੁਪਏ ਜ਼ਮੀਨ ਮਾਲਕਾਂ ਨੂੰ ਵੰਡੇ ਜਾ ਚੁੱਕੇ ਹਨ। ਇਸੇ ਤਰ੍ਹਾਂ ਅੰਬਾਲਾ ਚੰਡੀਗੜ੍ਹ ਗ੍ਰੀਨ ਫੀਲਡ ਪ੍ਰੋਜੈਕਟ ਵਿੱਚ, ਐਸ.ਏ.ਐਸ. ਨਗਰ ਵਿੱਚ ਕੁੱਲ 643 ਕਰੋੜ ਵਿੱਚੋਂ 510 ਕਰੋੜ ਰੁਪਏ ਦਾ ਮੁਆਵਜ਼ਾ ਵੰਡਿਆ ਜਾ ਚੁੱਕਾ ਹੈ। ਇਸ ਵਿੱਚੋਂ 26 ਕਿਲੋਮੀਟਰ ਵਿੱਚੋਂ 18.5 ਕਿਲੋਮੀਟਰ ਦਾ ਕਬਜ਼ਾ ਲੈ ਲਿਆ ਗਿਆ ਹੈ।

ਜ਼ੀਰਕਪੁਰ ਬਾਈਪਾਸ ਲਈ ਪਿੰਡ ਸਨੌਲੀ, ਬੀੜ ਪੀਰ ਮੁੱਛਲਾ ਅਤੇ ਕਕਰਾਲੀ ਵਿੱਚ ਜ਼ਮੀਨ ਦੇ ਅਵਾਰਡ ਵਿੱਚ ਹੋ ਰਹੀ ਦੇਰੀ ’ਤੇ ਚਿੰਤਾ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਅਤੇ ਤਹਿਸੀਲਦਾਰ ਡੇਰਾਬੱਸੀ ਕੁਲਦੀਪ ਸਿੰਘ ਨੂੰ ਹੋਰ ਦੇਰੀ ਨਾ ਕਰਦਿਆਂ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਖਰੜ ਵਿੱਚ ਟਰੈਫਿਕ ਜਾਮ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਲਾਈਟਾਂ ਲਗਾਉਣ ਦਾ ਕੰਮ ਵੀ ਅਗਲੇ ਹਫਤੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ ਜਦਕਿ ਤਿੰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾ ਨੇ ਐਨ ਐਚ ਏ ਆਈ ਅਧਿਕਾਰੀਆਂ ਨੂੰ ਬਾਕੀ ਤਿੰਨ ਲਾਈਟਾਂ ਦੀ ਸਥਾਪਤੀ ਦੇ ਕੰਮ ਵਿੱਚ ਵੀ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪ੍ਰੋਜੈਕਟ ਡਾਇਰੈਕਟਰ ਪਰਦੀਪ ਅਤਰੀ ਨੂੰ ਬੇਨਤੀ ਕੀਤੀ ਕਿ ਵਿਚਾਰ-ਵਟਾਂਦਰੇ ਅਧੀਨ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਨਿਰੀਖਣ ਰੋਜ਼ਾਨਾ ਦੇ ਆਧਾਰ ’ਤੇ ਕਰਨ ਤਾਂ ਜੋ ਇਹਨਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।

Scroll to Top