ਅੰਮ੍ਰਿਤਸਰ, 08 ਜਨਵਰੀ 2024: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ (Devinder Yadav) ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਤੇ ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਵਿੰਦਰ ਯਾਦਵ ਦੇ ਨਾਲ ਦਿਖਾਈ ਦਿੱਤੀ | ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਦਵਿੰਦਰ ਯਾਦਵ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ |
ਇਸ ਦੌਰਾਨ ਦਵਿੰਦਰ ਯਾਦਵ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਾਂਗਰਸੀ ਲੀਡਰਸ਼ਿਪ ਦਿਖਾਈ ਦਿੱਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਦਵਿੰਦਰ ਯਾਦਵ ਨੇ ਸਪੱਸਟ ਕੀਤਾ ਕਿ ਕਿ ਉਹ ਅਜੇ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਬਾਰੇ ਕਿਸੇ ਵੀ ਤਰੀਕੇ ਦਾ ਕੋਈ ਵੀ ਬਿਆਨ ਨਹੀਂ ਦੇਣਗੇ |
ਉਹਨਾਂ (Devinder Yadav) ਕਿਹਾ ਕਿ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਪੰਜਾਬ ਦੌਰਾ ਹੈ, ਇਸ ਦੌਰਾਨ ਕਾਂਗਰਸ ਇੱਕਜੁੱਟ ਦਿਖਾਈ ਦਿੱਤੀ ਹੈ। ਉਹਨਾਂ ਦੇ ਸਵਾਗਤ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ‘ਚ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਨਾਲ ਦਿਖਾਈ ਦਿੱਤੇ | ਦਵਿੰਦਰ ਯਾਦਵ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਫੈਸਲਾ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਅਤੇ ਸਾਰੇ ਵਰਕਰਾਂ ਦੀ ਭਾਵਨਾਂ ਨੂੰ ਧਿਆਨ ‘ਚ ਰੱਖਦੇ ਹੋਏ ਕੋਈ ਫੈਸਲਾ ਲਿਆ ਜਾਵੇਗਾ |
ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ 2024 ਦੇ ਵਿੱਚ ਕਾਂਗਰਸ ਇਕੱਲੀ ਚੋਣਾਂ ਲੜਦੀ ਹੈ ਤਾਂ ਪੰਜਾਬ ਦੇ ਵਿੱਚੋਂ ਸੱਤ ਦੇ ਕਰੀਬ ਸੀਟਾਂ ਜ਼ਰੂਰ ਜਿੱਤੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੋਈ ਆਪਸ ਵਿੱਚ ਗੁੱਟਬਾਜ਼ੀ ਨਹੀਂ ਹੈ, ਸਭ ਇੱਕਜੁੱਟ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਹਨ |
ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਵਿਅਕਤੀ ਇਕੱਲਾ ਜਾ ਕੇ ਰੈਲੀ ਕਰਦਾ ਹੈ ਤੇ ਉਸ ਦੇ ਨਾਲ ਕਾਂਗਰਸ ਨੂੰ ਕਿਸੇ ਵੀ ਤਰੀਕੇ ਦਾ ਇਤਰਾਜ਼ ਨਹੀਂ ਕਿਉਂਕਿ ਸਭ ਦਾ ਮੁੱਦਾ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ। ਇਹਨਾਂ ਨੇ ਕਿਹਾ ਕਿ ਜੇਕਰ ਕੋਈ ਕਾਂਗਰਸੀ ਆਗੂ ਕਿਸੇ ਦੂਜੀ ਕਾਂਗਰਸੀ ਆਗੂ ਦੇ ਹਲਕੇ ਵਿੱਚ ਜਾ ਕੇ ਚੋਣ ਰੈਲੀ ਕਰਦਾ ਹੈ ਤੇ ਉਸਦੇ ਲਈ ਉਸ ਹਲਕੇ ਦੇ ਆਗੂ ਨੂੰ ਆਪਣੇ ਹੱਕ ਵਿੱਚ ਲੈਣਾ ਬਹੁਤ ਜ਼ਰੂਰੀ ਹੈ |