ਚੰਡੀਗੜ੍ਹ, 4 ਜਨਵਰੀ 2024: ਮੋਹਾਲੀ ਦੇ ਬਲੌਂਗੀ (Balongi) ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਕਥਿਤ ਮੁਕਾਬਲਾ ਹੋਇਆ
ਹੈ । ਕਥਿਤ ਬਦਮਾਸ਼ ਦੀ ਪਛਾਣ ਸ਼ਰਨਜੀਤ ਵਜੋਂ ਹੋਈ ਹੈ ਅਤੇ ਬਦਮਾਸ਼ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਦਾ ਸਾਥੀ ਦੱਸਿਆ ਜਾ ਰਿਹਾ ਹੈ| ਸ਼ਰਨਜੀਤ ਸਿੰਘ ਸੰਨੀ ਦੀ ਲੱਤ ਵਿੱਚ ਗੋਲੀ ਲੱਗ ਗਈ ਹੈ । ਇਹ ਕਾਰਵਾਈ ਮੋਹਾਲੀ ਪੁਲਿਸ ਅਤੇ ਬਟਾਲਾ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਰਾਹੀਂ ਕੀਤੀ ਜਾ ਰਹੀ ਹੈ |
ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੋ ਕਥਿਤ ਬਦਮਾਸ਼ਾਂ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਕਥਿਤ ਬਦਮਾਸ਼ ਖਰੜ ਵੱਲ ਭੱਜੇ ਅਤੇ ਬਲੌਂਗੀ ਪਹੁੰਚੇ। ਇੱਥੇ ਕਥਿਤ ਬਦਮਾਸ਼ ਬਾਲ ਗੋਪਾਲ ਗਊਸ਼ਾਲਾ ਵਿੱਚ ਦਾਖਲ ਹੋ ਗਏ। ਜਦੋਂ ਪੁਲਿਸ ਟੀਮ ਪਿੱਛਾ ਕਰਨ ਪੁੱਜੀ ਤਾਂ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਗੋਲੀਆਂ ਚਲਾ ਦਿੱਤੀਆਂ, ਪੁਲਿਸ ਨੇ ਵੀ ਬਚਾਅ ‘ਚ ਗੋਲੀਆਂ ਚਲਾਈਆਂ।
ਇਸ ਦੌਰਾਨ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ ਹੈ। ਉਸ ਨੂੰ ਮੋਹਾਲੀ ਦੇ ਫੇਜ਼-6 ਸਥਿਤ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਸ਼ਰਨਜੀਤ ਸਿੰਘ ਵਜੋਂ ਹੋਈ ਹੈ। ਉਸ ਦੇ ਇੱਕ ਹੋਰ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗਊਸ਼ਾਲਾ ਨੂੰ ਸੀਲ ਕਰ ਦਿੱਤਾ । ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਫੋਰੈਂਸਿਕ ਟੀਮ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਡੀਐਸਪੀ ਗੁਰਸ਼ੇਰ ਸਿੰਘ ਅਤੇ ਸੀਆਈਏ ਖਰੜ ਦੇ ਇੰਚਾਰਜ ਸ਼ਿਵਕੁਮਾਰ ਦੀ ਅਗਵਾਈ ਵਿੱਚ ਟੀਮ ਬਦਮਾਸ਼ਾਂ ਨੂੰ ਫੜਨ ਲਈ ਪਹੁੰਚੀ ਸੀ।