ਚੰਡੀਗੜ੍ਹ, 2 ਦਸੰਬਰ, 2023: ‘ਆਪ’ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਤੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਖੰਨਾ ਦੇ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ‘ਤੇ ਘਪਲੇ ਦਾ ਦੋਸ਼ ਲਾਇਆ ਹੈ। ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਤੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਬੀਡੀਪੀਓ ਦਫ਼ਤਰ ਵਿਚ ਇਕੱਠੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ । ਦੋਵੇਂ ਨੇ ਇਸਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ, ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ, ਡੀਸੀ ਸੁਰਭੀ ਮਲਿਕ ਤੇ ਐੱਸਡੀਐੱਮ ਖੰਨਾ ਬਲਜਿੰਦਰ ਸਿੰਘ ਢਿੱਲੋਂ ਨੂੰ ਦਿੱਤੀ ਗਈ ਹੈ।
ਇਸ ਦੌਰਾਨ ਵਿਧਾਇਕ ਤਰੁਣਪ੍ਰੀਤ ਸੌਂਧ ਨੇ ਦੋਸ਼ ਲਗਾਇਆ ਕਿ ਬੀਡੀਪੀਓ ਨੇ ਗਲਤ ਤਰੀਕੇ ਨਾਲ ਖੰਨਾ ਤੇ ਅਮਲੋਹ ਬੈਂਕਾਂ ਵਿਚ ਈਓਪੀਐੱਸ ਨਾਂ ਤੋਂ ਖੰਨਾ ਬਲਾਕ ਸੰਮਤੀ ਦੇ ਬੈਂਕ ਖਾਤੇ ਖੁੱਲ੍ਹਵਾ ਕੇ ਤੇ ਉਨ੍ਹਾਂ ਵਿਚੋਂ 2 ਪਿੰਡਾਂ ਦੀ ਪੰਚਾਇਤੀ ਜ਼ਮੀਨ ਤੋਂ ਲਗਭਗ 58 ਲੱਖ ਰੁਪਏ ਜਮ੍ਹਾ ਕੀਤੇ ਹਨ । ਉਨ੍ਹਾਂ ਨੇ ਸਦਨ ਵਿਚ ਬਿਨਾਂ ਕਿਸੇ ਪ੍ਰਸਤਾਵ ਨੂੰ ਪਾਸ ਕੀਤੇ ਬਲਾਕ ਸੰਮਤੀ ਚੇਅਰਮੈਨ ਦੀ ਜਾਣਕਾਰੀ ਦੇ ਬਿਨਾਂ ਹੀ ਲਗਭਗ 58 ਲੱਖ ਦਾ ਭੁਗਤਾਨ ਕਿਸੇ ਕੰਪਨੀ ਨੂੰ ਭੇਜ ਦਿੱਤੇ । ਈਓਪੀਐੱਸ ਖਾਤੇ ਵਿਚ ਮੌਜੂਦ ਰਕਮ ਦਾ ਇਸਤੇਮਾਲ ਸਿਰਫ ਦਫਤਰ ਮੁਲਾਜ਼ਮਾਂ ਦੀ ਤਨਖਾਹ ਤੇ ਕਾਰ ਆਦਿ ਦੇ ਖਰਚੇ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਲਗਭਗ 10 ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਬੀਡੀਪੀਓ ਦਫ਼ਤਰ ਵਿਚ ਪੈਸਿਆਂ ਦੇ ਮਾਮਲੇ ਵਿਚ ਕਥਿਤ ਗੜਬੜੀ ਦਾ ਖਦਸ਼ਾ ਹੈ।
ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਦੱਸਿਆ ਕਿ ਪਿੰਡ ਨਸਰਾਲੀ ਦੀ ਪੰਚਾਇਤੀ ਜ਼ਮੀਨ ਦਾ ਠੇਕਾ ਸਟੇਅ ਕਾਰਨ ਲਗਭਗ 8ਤੋਂ 9 ਸਾਲ ਤੋਂ ਰੁਕਿਆ ਹੋਇਆ ਸੀ। ਇਸ ਵਿਚ ਲਗਭਗ 40 ਲੱਖ ਰੁਪਏ ਆਏ ਸਨ ਜੋ ਇਨ੍ਹਾਂ ਖਾਤਿਆਂ ਵਿਚ ਜਮ੍ਹਾ ਕੀਤੇ ਗਏ ਸਨ। ਪਿੰਡ ਬੁੱਲੇਪੁਰ ਤੋਂ ਵੀ ਲਗਭਗ 18 ਲੱਖ ਰੁਪਏ ਆਏ ਸਨ। ਖੰਨਾ ਦੇ ਮੌਜੂਦਾ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਨੂੰ ਜੂਨ 2023 ਵਿਚ ਖੰਨਾ ਨਿਯੁਕਤ ਕੀਤਾ ਗਿਆ ਸੀ ਤੇ 7ਵੇਂ ਮਹੀਨੇ ਵਿਚ ਉਨ੍ਹਾਂ ਨੇ ਤਿੰਨ ਬੈਂਕ ਖਾਤੇ HDFC ਬੈਂਕ ਅਮਲੋਹ ਤੇ ਖੰਨਾ ਬ੍ਰਾਂਚ ਵਿਚ ਖੁੱਲ੍ਹਵਾ ਦਿੱਤੇ। ਫਿਲਹਾਲ ਬੀਡੀਪੀਓ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਜਿਸਦੇ ਖਿਲਾਫ ਜਾਂਚ ਦੀ ਮੰਗ ਕੀਤੀ ਗਈ ਹੈ।