ਦਿੱਲੀ, 24 ਅਪ੍ਰੈਲ 2025: ਜੰਮੂ-ਕਸ਼ਮੀਰ ਦੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ਤੋਂ ਬਾਅਦ ਕੈਬਨਿਟ ਕਮੇਟੀ ਆਨ ਸੁੱਰਖਿਆ (ਸੀਸੀਐਸ) ਦੀ ਬੈਠਕ ‘ਚ ਲਏ ਫੈਸਲੇ ਦੇ ਅਨੁਸਾਰ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ (Visa) ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਸਾਰੇ ਵੀਜ਼ੇ 27 ਅਪ੍ਰੈਲ ਤੋਂ ਰੱਦ ਮੰਨੇ ਜਾਣਗੇ। ਇਸਦੇ ਨਾਲ ਹੀ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਮੈਡੀਕਲ ਵੀਜ਼ੇ 29 ਅਪ੍ਰੈਲ, 2025 ਤੱਕ ਹੀ ਵੈਧ ਮੰਨੇ ਜਾਣਗੇ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਦਲੀਆਂ ਵੀਜ਼ਾ ਸ਼ਰਤਾਂ ਮੁਤਾਬਕ ਪਾਕਿਸਤਾਨੀ ਨਾਗਰਿਕ ਜੋ ਇਸ ਸਮੇਂ ਭਾਰਤ ‘ਚ ਹਨ, ਉਨ੍ਹਾਂ ਨੂੰ ਹੁਣ ਆਪਣੇ ਵੀਜ਼ੇ (Visa) ਦੀ ਮਿਆਦ ਪੁੱਗਣ ਤੋਂ ਪਹਿਲਾਂ ਭਾਰਤ ਛੱਡਣਾ ਪਵੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਖ਼ਤ ਸਲਾਹ ਦਿੱਤੀ ਜਾਂਦੀ ਹੈ। ਭਾਰਤੀ ਨਾਗਰਿਕ ਜੋ ਇਸ ਸਮੇਂ ਪਾਕਿਸਤਾਨ ‘ਚ ਹਨ, ਉਨ੍ਹਾਂ ਨੂੰ ਵੀ ਛੇਤੀ ਤੋਂ ਛੇਤੀ ਭਾਰਤ ਵਾਪਸ ਆਉਣ ਦੀ ਸਲਾਹ ਦਿੱਤੀ ਹੈ।
ਵਿਦੇਸ਼ ਮੰਤਰਾਲੇ (MEA) ਨੇ ਸਪੱਸ਼ਟ ਕੀਤਾ ਹੈ ਕਿ 27 ਅਪ੍ਰੈਲ ਤੋਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਅਵੈਧ ਮੰਨੇ ਜਾਣਗੇ। ਜਿਨ੍ਹਾਂ ਨੂੰ ਮੈਡੀਕਲ ਵੀਜ਼ਾ ਮਿਲਿਆ ਹੈ, ਉਨ੍ਹਾਂ ਨੂੰ 29 ਅਪ੍ਰੈਲ, 2025 ਤੱਕ ਭਾਰਤ ਛੱਡਣਾ ਪਵੇਗਾ। ਇਸ ਤੋਂ ਬਾਅਦ, ਉਨ੍ਹਾਂ ਦਾ ਵੀਜ਼ਾ ਵੀ ਵੈਧ ਨਹੀਂ ਰਹੇਗਾ।
ਸਰਕਾਰ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ 22 ਅਪ੍ਰੈਲ ਨੂੰ ਹੋਈ ਘਟਨਾ ‘ਤੇ ਸੰਸਦ ਭਵਨ ਵਿੱਚ ਸ਼ਾਮ 6 ਵਜੇ ਸਾਰੀਆਂ ਪਾਰਟੀਆਂ ਦੀ ਬੈਠਕ ਸੱਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸਦੀ ਪ੍ਰਧਾਨਗੀ ਕਰਨਗੇ। ਰਾਹੁਲ ਗਾਂਧੀ ਵੀ ਇਸ ‘ਚ ਸ਼ਾਮਲ ਹੋਣਗੇ।
ਭਾਰਤ ਸਰਕਾਰ ਨੇ ਭਾਰਤ ‘ਚ ਪਾਕਿਸਤਾਨ ਸਰਕਾਰ ਦੇ ਐਕਸ ਹੈਂਡਲ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਨਾ ਜਾਣ ਦੀ ਸਲਾਹ ਦਿੱਤੀ ਹੈ।
Read More: ਜੰਮੂ-ਕਸ਼ਮੀਰ ਸਰਕਾਰ ਵੱਲੋਂ ਪਹਿਲਗਾਮ ਘਟਨਾ ‘ਚ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ