ਚੰਡੀਗੜ੍ਹ 16 ਅਗਸਤ 2022: ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਕਿਹਾ ਹੈ ਕਿ ਬਹੁਤ ਜਲਦ ਵਿਧਾਨ ਸਭਾ ਦਾ ਸਾਰਾ ਕੰਮਕਾਜ ਪੇਪਰ ਮੁਕਤ ਹੋ ਜਾਵੇਗਾ ਅਤੇ ਸਾਰੇ ਵਿਧਾਇਕਾਂ ਦੇ ਮੇਜ਼ਾਂ ‘ਤੇ ਕੰਪਿਊਟਰ ਸਥਾਪਤ ਕਰਨ ਦਾ ਕਾਰਜ ਜ਼ੋਰਾਂ ‘ਤੇ ਹੈ। ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿਚ ਕੰਪਿਊਟਰਾਈਜੇਸ਼ਨ ਅਤੇ ਡਿਜੀਟਾਈਜੇਸ਼ਨ ਸਬੰਧੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਵਿਧਾਨ ਸਭਾ ਹਾਲ ਵਿਚ ਕੰਪਿਊਟਰ ਸਥਾਪਤ ਕਰਨ ਦੇ ਕੰਮ ਦਾ ਸਾਰੇ ਮੈਂਬਰਾਂ ਨੇ ਜਾਇਜ਼ਾ ਵੀ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਸਬੰਧਤ ਵਿਭਾਗਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਨੂੰ ਲਾਗੂ ਕਰਨ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣ ਤਾਂ ਜੋ ਜਲਦ ਹੀ ਵਿਧਾਨ ਸਭਾ ਦੀ ਸਾਰੀ ਕਾਰਵਾਈ ਪੇਪਰ ਮੁਕਤ ਹੋ ਸਕੇ। ਇਸ ਸਾਰੇ ਕਾਰਜ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਫੰਡਾਂ ਦੀ ਕੋਈ ਕਮੀ ਨਾ ਆਉਣ ਦਾ ਭਰੋਸਾ ਦਿੱਤਾ।
ਮੀਟਿੰਗ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪ੍ਰਸ਼ਾਸ਼ਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸੰਸਦੀ ਕਾਜ ਮੰਤਰੀ ਇੰਦਰਬੀਰ ਸਿੰਘ ਨਿੱਝਰ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਨਰਿੰਦਰ ਕੌਰ ਭਰਾਜ, ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਪ੍ਰਸ਼ਾਸ਼ਕੀ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ, ਪ੍ਰਸ਼ਾਸ਼ਕੀ ਸੁਧਾਰ ਵਿਭਾਗ ਦੇ ਡਾਇਰੈਕਟਰ ਗਿਰੀਸ਼ ਦਿਆਲਨ ਅਤੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।