ਚੰਡੀਗੜ੍ਹ, 13 ਮਾਰਚ 2024: ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਚੁਣਾਵੀ ਬਾਂਡ (Electoral Bond) ਬਾਰੇ ਸਾਰੇ ਵੇਰਵਿਆਂ ਦਾ ਸਮੇਂ ਸਿਰ ਖ਼ੁਲਾਸਾ ਕਰੇਗਾ। ਕਮਿਸ਼ਨ ਨੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਤੋਂ ਚੁਣਾਵੀ ਬਾਂਡ ਨਾਲ ਸਬੰਧਤ ਵੇਰਵੇ ਪ੍ਰਾਪਤ ਕੀਤੇ ਹਨ ਅਤੇ ਸਮਾਂ ਆਉਣ ‘ਤੇ ਸਾਰੀਆਂ ਸਬੰਧਤ ਜਾਣਕਾਰੀਆਂ ਸਾਂਝੀਆਂ ਕਰੇਗਾ। ਸੀਈਸੀ ਨੇ ਕਿਹਾ ਕਿ ਕਮਿਸ਼ਨ 2024 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ ਹੈ। ਮੁੱਖ ਚੋਣ ਕਮਿਸ਼ਨਰ ਨੇ ਬੁੱਧਵਾਰ ਨੂੰ ਜੰਮੂ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ।
ਚੁਣਾਵੀ ਬਾਂਡ (Electoral Bond) ‘ਤੇ ਉਨ੍ਹਾਂ ਦਾ ਇਹ ਬਿਆਨ ਸੁਪਰੀਮ ਕੋਰਟ ਦੇ ਐਸਬੀਆਈ ਨੂੰ 12 ਅਪ੍ਰੈਲ, 2019 ਤੋਂ ਬਾਅਦ ਖਰੀਦੇ ਗਏ ਚੁਣਾਵੀ ਬਾਂਡਾਂ ਦੇ ਵੇਰਵੇ ਚੋਣ ਕਮਿਸ਼ਨ ਨੂੰ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੇ ਮੱਦੇਨਜ਼ਰ ਆਇਆ ਹੈ। ਐੱਸ.ਬੀ.ਆਈ ਚੁਣਾਵੀ ਬਾਂਡ ਜਾਰੀ ਕਰਨ ਲਈ ਅਧਿਕਾਰਤ ਵਿੱਤੀ ਸੰਸਥਾ ਹੈ। ਰਾਜੀਵ ਕੁਮਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਐਸਬੀਆਈ ਨੂੰ 12 ਮਾਰਚ ਤੱਕ ਡਾਟਾ ਜਮ੍ਹਾਂ ਕਰਵਾਉਣਾ ਸੀ। ਉਨ੍ਹਾਂ ਨੇ ਸਾਨੂੰ ਸਮੇਂ ਸਿਰ ਵੇਰਵੇ ਦਿੱਤੇ ਹਨ। ਮੈਂ ਵਾਪਸ ਜਾਵਾਂਗਾ ਅਤੇ ਡਾਟਾ ਨੂੰ ਦੇਖਾਂਗਾ (ਅਤੇ) ਨਿਸ਼ਚਤ ਤੌਰ ‘ਤੇ ਸਮੇਂ ਸਿਰ ਇਸਦਾ ਖੁਲਾਸਾ ਕੀਤਾ ਜਾਵੇਗਾ |
ਸੀਈਸੀ ਦੇਸ਼ ਭਰ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਏਗਾ। ਉਨ੍ਹਾਂ ਜੰਮੂ-ਕਸ਼ਮੀਰ ਸਮੇਤ ਦੇਸ਼ ਭਰ ਦੇ ਵੋਟਰਾਂ ਨੂੰ ਲੋਕਤੰਤਰ ਦੇ ਤਿਉਹਾਰ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਲੋਕ ਸਭਾ ਚੋਣਾਂ ਦੌਰਾਨ ਜੰਮੂ-ਕਸ਼ਮੀਰ ‘ਚ ਵਾਲਿਟ ਰਾਹੀਂ ਆਨਲਾਈਨ ਪੈਸਿਆਂ ਦੇ ਲੈਣ-ਦੇਣ ‘ਤੇ ਸਖ਼ਤ ਨਜ਼ਰ ਰੱਖੀ ਜਾਵੇਗੀ। 85 ਸਾਲ ਤੋਂ ਵੱਧ ਉਮਰ ਦੇ ਅਤੇ ਅਪੰਗ ਵਿਅਕਤੀਆਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ।
ਇਸਦੇ ਨਾਲ ਹੀ ਸੀਈਸੀ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਕੇਂਦਰੀ ਬਲਾਂ ਨੂੰ ਤਾਇਨਾਤ ਕੀਤਾ ਜਾਵੇਗਾ। ਜਾਅਲੀ ਖ਼ਬਰਾਂ ਦਾ ਅਸਲ-ਸਮੇਂ ਵਿੱਚ ਜਵਾਬ ਦੇਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਸੋਸ਼ਲ ਮੀਡੀਆ ਸੈੱਲ ਸਥਾਪਤ ਕੀਤੇ ਜਾਣਗੇ।