ਸੁਲਤਾਨਪੁਰ ਲੋਧੀ, 02 ਫਰਵਰੀ 2023: ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕਜੁਟਤਾ ਦੇ ਨਾਲ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦਾ ਮੁੱਦਾ ਪਾਰਲੀਮੈਂਟ ਵਿੱਚ ਰੱਖਣ। ਸੰਤ ਸੀਚੇਵਾਲ ਅੱਜ ਨਿਰਮਲ ਕੁਟੀਆ ਸੀਚੇਵਾਲ ਵਿੱਚ ਮਨਾਏ ਗਏ ਕੌਮਾਂਤਰੀ ਜਲਗਾਹ ਦਿਵਸ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਥਾਪਨਾ ਦਿਵਸ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਐਮਪੀਜ਼ ਨੂੰ ਅਪੀਲ ਕਰਦਿਆ ਕਿਹਾ ਕਿ ਸਾਲ 2039 ਤੱਕ ਪੰਜਾਬ ਦਾ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ। ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪਾਣੀਆਂ ਦੇ ਮੁੱਦੇ ’ਤੇ ਸਿਰ ਜੋੜਨ ਦੀ ਸਖਤ ਲੋੜ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾ ਸਕੀਏ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਨੂੰ ਰਾਜਨੀਤੀ ਤੋਂ ਉਪਰ ਉਠਕੇ ਇੱਕਜੁਟਤਾ ਨਾਲ ਲੋਕ ਸਭਾ ਤੇ ਰਾਜ ਸਭਾ ਵਿੱਚ ਉਠਾਉਣ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਪੱਖ ਤੋਂ ਪੰਜਾਬ ਬੜੇ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੇ ਚੱਲ ਰਹੇ ਬੱਜਟ ਸ਼ੈਸ਼ਨ ਦੌਰਾਨ ਪੰਜਾਬ ਦੇ ਸਾਰੇ ਮੈਂਬਰ ਪਾਣੀਆਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਉਣ।
ਕੇਂਦਰੀ ਭੂ-ਜਲ ਬੋਰਡ ਦੀ ਪੰਜ ਸਾਲ ਪਹਿਲਾਂ ਆਈ ਰਿਪੋਰਟ ਦਾ ਹਵਾਲਾ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ 2039 ਤੱਕ ਧਰਤੀ ਹੇਠਲਾ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ ਜਿਸ ਨਾਲ ਖੇਤੀ ਦਾ ਸੰਕਟ ਖੜਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਡੂੰਘਾ ਹੀ ਨਹੀਂ ਹੋ ਰਿਹਾ ਸਗੋਂ ਫੈਕਟਰੀਆਂ ਦੇ ਪ੍ਰਦੂਸ਼ਣ ਕਾਰਨ ਪਲੀਤ ਵੀ ਹੋ ਰਿਹਾ ਹੈ। ਦਰਿਆਵਾਂ ਤੇ ਨਦੀਆਂ ਵਿੱਚ ਵੀ ਫੈਕਟਰੀਆਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਬੇਰੋਕ ਟੋਕ ਪੈ ਰਿਹਾ ਹੈ।
ਇਸ ਸਮਾਗਮ ਦੌਰਾਨ ਹੀ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਸਿਹਤਯਾਬੀ ਲਈ ਅਰਦਾਸ ਬੇਨਤੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਵਿਸ਼ਵ ਜਲਗਾਹ ਦਿਵਸ ਮੌਕੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਲੋਪ ਹੋ ਰਹੀਆਂ ਜਲਗਾਹਾਂ ਦੇ ਬਚਾਅ ਲਈ ਅੱਗੇ ਆਉਣ ਤਾਂ ਜੋ ਪਾਣੀਆਂ ਦੇ ਕੁਦਰਤੀ ਸੋਮਿਆ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ: ਬਿਕਰਮ ਸਿੰਘ ਵਿਰਕ ਨੇ ਵਿਿਦਆਕ ਅਦਾਰਿਆਂ ਵਿੱਚ ਨਵੇਂ ਵਿਿਦਆਕ ਵਰ੍ਹੇ ਤੋਂ ਦਿੱਤੀਆਂ ਜਾਣ ਵਾਲੀਆਂ ਅਧੁਨਿਕ ਸਹੂਲਤਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਮੌਕੇ ਵਿੱਦਿਆ ਤੇ ਖੇਡਾਂ ਦੇ ਵਿਚ ਨਾਮ ਕਮਾਉਣ ਵਾਲਿਆਂ ਬੱਚਿਆਂ ਨੂੰ ਇਨਾਮ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ਸੰਤ ਪਰਗਟ ਨਾਥ, ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ, ਹਲਕਾ ਭੁਲੱਥ ਦੇ ਆਪ ਦੇ ਇੰਚਾਰਜ ਰਣਜੀਤ ਸਿੰਘ ਰਾਣਾ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਸਕੂਲ ਦੇ ਪ੍ਰਿੰਸੀਪਲ ਸਤਪਾਲ ਸਿੰਘ ਗਿੱਲ, ਆਪ ਦੇ ਆਗੂ ਮੋਹਣ ਲਾਲ ਸੂਦ, ਸਰਪੰਚ ਤੇਜਿੰਦਰ ਸਿੰਘ ਸੀਚੇਵਾਲ, ਸਰਪੰਚ ਜੋਗਾ ਸਿੰਘ, ਚੇਅਰਮੈਨ ਤਰਸੇਮ ਸਿੰਘ ਚੱਕਚੇਲਾ, ਪ੍ਰੋ. ਕੁਲਵਿੰਦਰ ਸਿੰਘ, ਜਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਇਸ ਮੌਕੇ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਤੇ ਸਕੂਲ ਦਾ ਸਟਾਫ ਅਤੇ ਬੱਚੇ ਹਾਜ਼ਰ ਸਨ।
ਉਪ ਰਾਸ਼ਟਰਪਤੀ ਨੇ ਦਿੱਤੀ ਵਧਾਈ:- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ 61 ਵੇਂ ਜਨਮ ਦਿਨ ਮੌਕੇ ਜਿੱਥੇ ਧਾਰਮਿਕ,ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਵਧਾਈਆਂ ਦਿੱਤੀਆਂ ਉਥੇ ਹੀ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਉਨ੍ਹਾਂ ਦੀ ਲੰਮੀ ਉਮਰ ਤੇ ਸਿਹਤਯਾਬੀ ਦੀ ਕਾਮਨਾ ਕਰਦਿਆ ਕਿਹਾ ਕਿ ਜੋ ਤਸੀਂ ਦੇਸ਼ ਦੀ ਸੇਵਾ ਕਰ ਰਹੇ ਹੋ ਉਸ ਦੀ ਵਧਾਈ ਹੋਵੇ।ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾ ਦਾ ਸਾਰਾ ਜੀਵਨ ਲੋਕ ਸੇਵਾ ਦੇ ਲੇਖੇ ਲੱਗੇਗਾ।
ਜਲਗਾਹਾਂ ਦਾ ਵਾਤਾਵਰਨ ਸੰਤੁਲਨ ਵਿਚ ਅਹਿਮ ਰੋਲ:- ਸੰਤ ਸੀਚੇਵਾਲ ਪੰਜਾਬ ਦੀਆਂ ਜਲਗਾਹਾਂ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਹਰੀਕੇ ਪੱਤਣ, ਕਾਂਜਲੀ ਰੋਪੜ ਦੀਆਂ ਝੀਲਾਂ ਕੌਮਾਂਤਰੀ ਪੱਧਰ ਦੀਆਂ ਪਛਾਣ ਰੱਖਦੀਆਂ ਹਨ ਪਰ ਇੰਨ੍ਹਾਂ ਜਲਗਾਹਾਂ ਦੇ ਵੱਡੇ ਹਿੱਸੇ ‘ਤੇ ਨਜ਼ਾਇਜ ਕਬਜ਼ੇ ਹੋ ਚੁੱਕੇ ਹਨ ਜੋ ਚਿੰਤਾ ਦਾ ਵਿਸ਼ਾ ਹਨ। ੳਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀਆਂ ਦੇ ਕੁਦਰਤੀ ਜਲਸਰੋਤ ਬਚਾਉਣ ਦੀ ਸਖਤ ਲੋੜ ਹੈ।
ਉਹਨਾਂ ਕਿਹਾ ਕਿ ਇਹਨਾਂ ਜਲਗਾਹਾਂ ਦਾ ਵਾਤਾਵਰਨ ਸੰਤੁਲਨ ਵਿਚ ਅਹਿਮ ਰੋਲ ਹੈ ਤੇ ਸਾਡੇ ਵਾਤਾਵਰਨ ਅਤੇ ਜੀਵਨ ਲਈ ਜਲਗਾਹਾਂ ਦੀ ਵਿਲੱਖਣ ਥਾਂ ਹੈ। ਪ੍ਰਦੂਸ਼ਣ ਤੇ ਨਜ਼ਾਇਜ਼ ਕਬਜ਼ੇ ਕਾਰਨ ਇਹ ਜਲਗਾਹਾਂ ਆਪਣੀਆਂ ਆਖਰੀ ਸਾਹਾਂ ਤੇ ਹਨ। ਉਹਨਾਂ ਕਿਹਾ ਕਿ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਵੀ ਜਲਗਾਹਾਂ ਲਈ ਬਹੁਤ ਵੱਡਾ ਖ਼ਤਰਾ ਬਣੀ ਹੋਈ ਹੈ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਪਸ਼ੂ, ਪੰਛੀਆਂ ਦੇ ਇਨ੍ਹਾਂ ਕੁਦਰਤੀ ਨਿਵਾਸ ਸਥਾਨਾਂ ਨੂੰ ਨਸ਼ਟ ਹੋਣ ਤੋਂ ਬਚਾਈਏ ਤਾਂ ਜੋ ਕੁਦਰਤ ਦਾ ਸੰਤੁਲਨ ਕਾਇਮ ਰਹਿ ਸਕੇ।