ਪਟਿਆਲਾ 19 ਜਨਵਰੀ 2023: ਪਟਿਆਲਾ ਦੀ ਮਸ਼ਹੂਰ ਡਿਫੈਂਸ ਕਲੋਨੀ ਵਿੱਚ ਬੀਤੀ ਰਾਤ ਖੜ੍ਹੀ ਇੱਕ ਗੱਡੀ ਦੇ ਚਾਰੇ ਟਾਇਰ ਚੋਰ ਚੋਰੀ ਕਰਕੇ ਲੈ ਗਏ | ਇਸ ਗੱਡੀ ਦੇ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਵੀਆਈਪੀ ਇਲਾਕਾ ਮੰਨਿਆ ਜਾਂਦਾ ਹੈ ਅਤੇ ਉਹ ਕਾਫੀ ਸਾਲਾਂ ਤੋਂ ਇੱਥੇ ਰਹਿ ਰਹੇ ਹਨ | ਉਹਨਾਂ ਦੱਸਿਆ ਕਿ ਉਹ ਰਾਤ ਨੂੰ ਆਪਣੀ ਗੱਡੀ ਆਪਣੇ ਘਰ ਦੇ ਬਾਹਰ ਲਗਾ ਕੇ ਘਰ ਚਲੇ ਗਏ ਅਤੇ ਸਵੇਰੇ ਜਦੋਂ ਆ ਕੇ ਦੇਖਿਆ ਤਾਂ ਗੱਡੀ ਦੇ ਚਾਰੋ ਟਾਇਰ ਗਾਇਬ ਸਨ |
ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਬਹੁਤ ਮਾੜੇ ਅਨਸਰ ਘੁੰਮਦੇ ਰਹਿੰਦੇ ਹਨ, ਪਰ ਪੁਲਿਸ ਵੱਲੋਂ ਇਸ ਇਲਾਕੇ ਵਿੱਚ ਰਾਤ ਸਮੇਂ ਕੋਈ ਵੀ ਗਸਤ ਨਹੀਂ ਕੀਤੀ ਜਾਂਦੀ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਇਸ ਪੋਸ਼ ਇਲਾਕੇ ਵਿੱਚ ਚੋਰੀ ਦੀ ਅਜਿਹੀ ਵਾਰਦਾਤ ਸਾਹਮਣੇ ਆਈ ਹੈ | ਉਹਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਰਾਤ ਸਮੇਂ ਇਸ ਇਲਾਕੇ ਵਿਚ ਗਸ਼ਤ ਕਰਕੇ ਅਜਿਹੇ ਮਾੜੇ ਅਨਸਰਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ |
ਪਟਿਆਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਪਰ ਫਿਰ ਵੀ ਇਹ ਮਾੜੇ ਅਨਸਰ ਸ਼ਹਿਰ ਵਿੱਚ ਚੋਰੀ ਦੀਆਂ ਅਜਿਹੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ | ਜੇਕਰ ਡਿਫੈਂਸ ਕਲੋਨੀ ਦੀ ਗੱਲ ਕਰੀਏ ਤਾਂ ਇਹ ਇਲਾਕਾ ਵੀਆਈਪੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਇਲਾਕੇ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਹੈ ਪਰ ਫਿਰ ਵੀ ਇਸ ਪੋਸ਼ ਇਲਾਕੇ ਵਿੱਚ ਹੋ ਰਹੀਆਂ ਚੋਰੀ ਦੀਆਂ ਅਜਿਹੀਆਂ ਵਾਰਦਾਤਾਂ ਪੁਲਿਸ ‘ਤੇ ਵੱਡੇ ਸਵਾਲ ਖੜ੍ਹੇ ਕਰਦੇ ਹਨ |