ਬੱਚੇ ਦੇ ਸੰਪੂਰਨ ਸਰੀਰਕ ਤੇ ਮਾਨਸਿਕ ਵਿਕਾਸ ਲਈ ਲਾਭਦਾਇਕ ਹੈ ਅਲਬੈਂਡਾਜ਼ੋਲ ਦੀ ਖ਼ੁਰਾਕ: ਡਾ. ਸੁਰਿੰਦਰਪਾਲ ਕੌਰ

Albendazole

ਖਰੜ, 5 ਫ਼ਰਵਰੀ 2024: ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣ ਲਈ ‘ਕੌਮੀ ਡੀ-ਵਾਰਮਿੰਗ ਦਿਵਸ’ ਮੌਕੇ ਅੱਜ 1 ਤੋਂ 19 ਸਾਲ ਤਕ ਦੀ ਉਮਰ ਦੇ ਬੱਚਿਆਂ/ਕਿਸ਼ੋਰਾਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ (Albendazole tablets) ਖੁਆਈਆਂ ਤੇ ਸਿਰਪ ਪਿਲਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਦੇ ਸੀਨੀਅਰ ਕੰਸਲਟੈਂਟ ਡਾ. ਸਨੇਹਾ ਮੁਟਰੇਜਾ, ਮੈਡੀਕਲ ਅਫ਼ਸਰ ਡਾ. ਸੁਖਜੀਤ ਕੌਰ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਘੜੂੰਆਂ ਡਾ. ਸੁਰਿੰਦਰਪਾਲ ਕੌਰ, ਐਨ.ਐਚ.ਐਮ ਦੇ ਕੰਸਲਟੈਂਟ ਯੋਗੇਸ਼ ਰਾਏ, ਡਾ. ਰਜਨੀ ਸ਼ਰਮਾ, ਡਾ. ਅਨਿਲ ਵਸ਼ਿਸ਼ਟ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਵਲੋਂ ਸਰਕਾਰੀ ਹਾਈ ਸਕੂਲ ਅਤੇ ਆਂਗਨਵਾੜੀ ਕੇੰਦਰ ਲਾਂਡਰਾ ਵਿਖੇ ਦੌਰਾ ਕਰਕੇ ਮੁਹਿੰਮ ਦਾ ਨਿਰੀਖਣ ਕੀਤਾ।

ਆਰ.ਬੀ.ਐੱਸ.ਕੇ. ਟੀਮ ਦੇ ਡਾ. ਦਵਿੰਦਰ ਸਿੰਘ ਰੰਧਾਵਾ, ਡਾ. ਹਰਮਨਦੀਪ ਸਿੰਘ, ਡਾ. ਅਮਨਪ੍ਰੀਤ ਕੌਰ, ਡਾ. ਜਸਪ੍ਰੀਤ ਕੌਰ, ਫਾਰਮਾਸਿਸਟ ਨਿਤੇਸ਼ ਅੱਤਰੀ, ਐਲਐਚਵੀ ਕ੍ਰਿਸ਼ਨਾ ਰਾਣੀ, ਸੀਐਚਓ ਇੰਦਰਬੀਰ ਕੌਰ, ਏਐਨਐਮ ਪਵਨਦੀਪ ਕੌਰ ਅਤੇ ਆਸ਼ਾ ਵਰਕਰਾਂ ਦੀ ਟੀਮ ਵਲੋਂ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਦੇ ਸਹਿਯੋਗ ਨਾਲ 1 ਤੋਂ 2 ਸਾਲ ਤਕ ਦੇ ਬੱਚਿਆਂ ਨੂੰ 200 ਐਮ.ਜੀ. ਦੀ ਅੱਧੀ ਗੋਲੀ ਅਤੇ 2 ਤੋਂ 19 ਸਾਲ ਤਕ ਦੇ ਬੱਚਿਆਂ/ਕਿਸ਼ੋਰਾਂ ਨੂੰ 400 ਐਮ.ਜੀ. ਦੀ ਪੂਰੀ ਗੋਲੀ ਖੁਆਈ ਗਈ। ਛੋਟੇ ਬੱਚਿਆਂ ਨੂੰ ਸਿਰਪ ਦਿੱਤਾ ਗਿਆ।

ਛੋਟੇ ਬੱਚਿਆਂ ਨੂੰ ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਅਲਬੈਂਡਾਜ਼ੋਲ ਦੀ ਖੁਰਾਕ (Albendazole tablets) ਦਿੱਤੀ ਜਾ ਰਹੀ ਹੈ। ਜਿਹੜੇ ਬੱਚੇ ਗੋਲੀ ਖਾਣ ਤੋਂ ਰਹਿ ਜਾਣਗੇ, ਉਨ੍ਹਾਂ ਲਈ 12 ਫ਼ਰਵਰੀ ਨੂੰ ਵੀ ਮੁਹਿੰਮ ਚਲਾ ਕੇ ਗੋਲੀ ਖਵਾਈ ਜਾਵੇਗੀ। ਐਸਐਮਓ ਡਾ. ਸੁਰਿੰਦਰਪਾਲ ਕੌਰ ਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਜ਼ਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਨ ਰੋਜ਼ਾਨਾ ਦੀ ਖ਼ੁਰਾਕ ਦੇ ਘਟਣ ਕਾਰਨ ਸਰੀਰਕ ਕਮਜ਼ੋਰੀ, ਖ਼ੂਨ ਦੀ ਕਮੀ ਤੇ ਚਿੜਚਿੜਾਪਣ ਪੈਦਾ ਹੋ ਜਾਂਦਾ ਹੈ, ਜਿਸ ਕਾਰਨ ਬੱਚੇ ਦਾ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੁੰਦਾ।

ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਦੇ ਮਿੱਟੀ ਖਾਣ, ਖਾਣਾ ਖਾਣ ਤੋਂ ਪਹਿਲਾਂ ਹੱਥਾਂ ਦੀ ਸਫ਼ਾਈ ਨਾ ਕਰਨ, ਨੰਗੇ ਪੈਰੀਂ ਤੁਰਨ, ਖਾਣ ਵਾਲੀਆਂ ਚੀਜ਼ਾਂ ਦਾ ਸਾਫ਼ ਸੁਥਰਾ ਨਾ ਹੋਣ ਕਾਰਨ ਪੇਟ ਦੇ ਕੀੜੇ ਪੈਦਾ ਹੁੰਦੇ ਹਨ। ਇਸ ਦਵਾਈ ਨਾਲ ਜਿੱਥੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਮਿਲੇਗੀ, ਉਥੇ ਇਹ ਉਨ੍ਹਾਂ ਦੇ ਸਰੀਰਕ ਵਿਕਾਸ ਲਈ ਵੀ ਲਾਭਦਾਇਕ ਹੈ। ਹਰ ਬੱਚੇ ਲਈ ਗੋਲੀ ਚਬਾ ਕੇ ਖਾਣਾ ਜ਼ਰੂਰੀ ਹੈ, ਚਾਹੇ ਬੱਚੇ ਅੰਦਰ ਪੇਟ ਦੇ ਕੀੜੇ ਹਨ ਜਾਂ ਨਹੀਂ।

ਉਨ੍ਹਾਂ ਦੱਸਿਆ ਕਿ ਹਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਖਾਣਾ ਚਾਹੀਦਾ ਹੈ ਅਤੇ ਸਾਫ਼ ਸੁਥਰੇ ਰਹਿਣ, ਨਹੂੰ ਕੱਟ ਕੇ ਰੱਖਣ ਤੇ ਰੋਟੀ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ਅਤੇ ਦੰਦਾਂ ਨਾਲ ਨਹੂੰ ਕੱਟਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਬਾਹਰਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨ ਅਤੇ ਘਰ ਦੀਆਂ ਚੀਜ਼ਾਂ ਖਾਣ ਨੂੰ ਹੀ ਤਰਜੀਹ ਦੇਣ ਲਈ ਆਖਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।