Alam Ara

Alam Ara: ਅੱਜ ਦੇ ਦਿਨ ਰਿਲੀਜ਼ ਹੋਈ ਸੀ ਭਾਰਤੀ ਸਿਨੇਮਾ ਦੀ ਪਹਿਲੀ ਬੋਲਦੀ ਫਿਲਮ ‘ਆਲਮ ਆਰਾ’, ਬਲੈਕ ‘ਚ ਵਿਕੀਆਂ ਸਨ ਟਿਕਟਾਂ

ਚੰਡੀਗੜ੍ਹ, 14 ਮਾਰਚ 2023: ਅੱਜ ਠੀਕ 92 ਸਾਲ ਪਹਿਲਾਂ, ਭਾਰਤੀ ਫਿਲਮ ਜਗਤ ਵਿੱਚ ਇੱਕ ਫਿਲਮ ਰਿਲੀਜ਼ ਹੋਈ ਸੀ ਜਿਸ ਨੇ ਭਾਰਤੀ ਸਿਨੇਮਾ ਦੀ ਰੂਪ-ਰੇਖਾ ਹੀ ਬਦਲ ਦਿੱਤੀ ਸੀ। ਬਲੈਕ ਐਂਡ ਵ੍ਹਾਈਟ ਫਿਲਮਾਂ ਦੇ ਦੌਰ ਵਿੱਚ ਹੁਣ ਤੱਕ ਲੋਕ ਕਲਾਕਾਰਾਂ ਦੇ ਚਿਹਰੇ ਦੇ ਹਾਵ-ਭਾਵ ਪੜ੍ਹ ਕੇ ਹੀ ਫਿਲਮ ਦੀ ਕਹਾਣੀ ਸਮਝਦੇ ਸਨ। ਪਰ 14 ਮਾਰਚ, 1931 ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਦਰਸ਼ਕਾਂ ਨੂੰ ਦੱਸਿਆ ਕਿ ਪਰਦੇ ‘ਤੇ ਚੱਲਦੇ ਬਲੈਕ ਐਂਡ ਵ੍ਹਾਈਟ ਕਿਰਦਾਰ ਬੋਲ ਸਕਦੇ ਹਨ ਅਤੇ ਉਨ੍ਹਾਂ ਦੀ ਆਵਾਜ਼ ਪਰਦੇ ਤੋਂ ਬਾਹਰ ਸਿਨੇਮਾ ਹਾਲ ‘ਚ ਬੈਠੇ ਦਰਸ਼ਕ ਸੁਣ ਸਕਦੇ ਹਨ। ਅਸੀਂ ਅੱਜ ਭਾਰਤ ਦੀ ਪਹਿਲੀ ਬੋਲਦੀ ਫਿਲਮ ‘ਆਲਮ ਆਰਾ’ (Alam Ara) ਦੀ ਗੱਲ ਕਰ ਰਹੇ ਹਾਂ। ਇਹ 14 ਮਾਰਚ 1931 ਨੂੰ ਮੁੰਬਈ (ਬੰਬੇ) ਦੇ ਮੈਜੇਸਟਿਕ ਸਿਨੇਮਾ ਹਾਲ ਵਿੱਚ ਰਿਲੀਜ਼ ਹੋਈ ਸੀ।

‘ਆਲਮ ਆਰਾ’ ਦੀ ਕਹਾਣੀ ਇਕ ਰਾਜਕੁਮਾਰ ਅਤੇ ਇੱਕ ਬੰਜਾਰਨ ਦੀ ਪ੍ਰੇਮ ਕਹਾਣੀ ‘ਤੇ ਆਧਾਰਿਤ ਸੀ। ਇਸ ਫਿਲਮ ਦੀ ਕਹਾਣੀ ਇੱਕ ਪਾਰਸੀ ਨਾਟਕ ‘ਤੇ ਆਧਾਰਿਤ ਸੀ। ਫਿਲਮ ਦੀ ਕਹਾਣੀ ਜੋਸੇਫ ਡੇਵਿਡ ਨੇ ਲਿਖੀ ਸੀ। ਫਿਲਮ ਦਾ ਨਿਰਦੇਸ਼ਨ ਅਰਦੇਸ਼ੀਰ ਇਰਾਨੀ ਨੇ ਕੀਤਾ ਸੀ। ਇਸ ਫਿਲਮ ਵਿੱਚ ਮਾਸਟਰ ਵਿੱਠਲ, ਜ਼ੁਬੈਦਾ, ਜਿਲੋ, ਸੁਸ਼ੀਲਾ ਅਤੇ ਪ੍ਰਿਥਵੀਰਾਜ ਕਪੂਰ ਮੁੱਖ ਭੂਮਿਕਾਵਾਂ ਵਿੱਚ ਸਨ। ‘ਆਲਮ ਆਰਾ’ ਵਿੱਚ ਕੁੱਲ 7 ਗੀਤ ਸਨ। ਫਿਲਮ ਦੇ ਪਹਿਲੇ ਗੀਤ ‘ਦੇ ਦੇ ਖੁਦਾ ਕੇ ਨਾਮ ਪੇ…’ ਨੂੰ ਭਾਰਤੀ ਸਿਨੇਮਾ ਦਾ ਪਹਿਲਾ ਗੀਤ ਮੰਨਿਆ ਜਾਂਦਾ ਹੈ।

ਇਸ ਫਿਲਮ ਦੀਆਂ ਟਿਕਟਾਂ ਬਲੈਕ ਵਿੱਚ ਵੇਚੀਆਂ ਗਈਆਂ ਸਨ। ਲੋਕਾਂ ਨੇ ਬਲੈਕ ਵਿੱਚ 50-50 ਰੁਪਏ ਵਿੱਚ ਟਿਕਟਾਂ ਖਰੀਦੀਆਂ ਸਨ। ਉਸ ਸਮੇਂ 50 ਰੁਪਏ ਬਹੁਤ ਵੱਡੀ ਰਕਮ ਹੁੰਦੀ ਸੀ। ਫਿਲਮ ਦਾ ਪਹਿਲਾ ਸ਼ੋਅ ਦੁਪਹਿਰ 3 ਵਜੇ ਸ਼ੁਰੂ ਹੋਣਾ ਸੀ ਪਰ ਲੋਕ ਸਵੇਰੇ 9 ਵਜੇ ਤੋਂ ਹੀ ਮੈਜੇਸਟਿਕ ਸਿਨੇਮਾ ਹਾਲ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਆਖ਼ਰਕਾਰ ਭੀੜ ਨੂੰ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਪੁਲਿਸ ਨੂੰ ਬੁਲਾਉਣੀ ਪਈ। ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਕਾਬੂ ਕੀਤਾ। 124 ਮਿੰਟ ਦੀ ਇਹ ਫਿਲਮ ਇੰਪੀਰੀਅਲ ਮੂਵੀਟੋਨ ਪ੍ਰੋਡਕਸ਼ਨ ਕੰਪਨੀ ਦੁਆਰਾ ਬਣਾਈ ਗਈ ਸੀ। ਬਦਕਿਸਮਤੀ ਨਾਲ ਇਸ ਫਿਲਮ ਦਾ ਇੱਕ ਵੀ ਪ੍ਰਿੰਟ ਹੁਣ ਉਪਲਬਧ ਨਹੀਂ ਹੈ।

ਫ਼ਿਲਮ ਆਲਮ ਆਰਾ ਦੇ 7 ਗੀਤ |

ਪਹਿਲੀ ਬੋਲਦੀ ਫਿਲਮ ਤੋਂ ਹੀ ਸੰਗੀਤ ਨੂੰ ਚੰਗਾ ਸਥਾਨ ਮਿਲਿਆ। ‘ਆਲਮ ਆਰਾ’ ਦੇ 7 ਗੀਤ ਸਨ ਅਤੇ ਇਸੇ ਫਿਲਮ ਦਾ ‘ਦੇ ਦੇ ਖੁਦਾ ਕੇ ਨਾਮ ਪੇ’ ਭਾਰਤੀ ਸਿਨੇਮਾ ਦਾ ਪਹਿਲਾ ਗੀਤ ਮੰਨਿਆ ਜਾਂਦਾ ਹੈ, ਜਿਸ ਨੂੰ ਵਜ਼ੀਰ ਮੁਹੰਮਦ ਖਾਨ ਨੇ ਗਾਇਆ ਸੀ। ਫਿਲਮ ਦੇ ਬਾਕੀ ਗੀਤ ‘ਬਦਲਾ ਦਿਲਵਾਏਗਾ ਯਾ ਰਬ…’, ‘ਰੁਠਾ ਹੈ ਅਸਮਾਨ…’, ‘ਤੇਰੀ ਕਾਤਿਲ ਨਿਗਾਹੋਂ ਨੇ ਮਾਰਾ…’, ‘ਦੇ ਦਿਲ ਕੋ ਅਰਾਮ…’, ‘ ਭਰ ਭਰ ਕੇ ਜਾਮ ਪੀਲਾ’ ਜਾ…’ ਅਤੇ ‘ਦਰਸ ਬਿਨਾ ਮਾਰੇ ਹੈ…’।

 

Scroll to Top