ਅਕਾਲੀ ਦਲ ਨੂੰ ਇਨੈਲੋ ਦੇ ਸਿਆਸੀ ਸਫਾਂ ਵਿੱਚ ਖਤਮ ਹੋਣ ਤੇ ਬਹੁਤ ਕੁਝ ਸਿੱਖਣ ਦੀ ਲੋੜ

(ਸਿਆਸੀ ਚਸ਼ਮਾ, ਰਮਨਦੀਪ ਸ਼ਰਮਾ ਦੇ ਨਾਲ਼)

9 ਅਕਤੂਬਰ 2024: ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ਨੇ ਕਾਂਗਰਸ ਨੂੰ ਵੀ ਆਤਮ ਮੰਥਨ ਕਰਨ ਲਈ ਮਜਬੂਰ ਕੀਤਾ ਹੈ ਤਾਂ ਇਹਨਾਂ ਨਤੀਜਿਆਂ ਤੋਂ ਗੁਆਂਢੀ ਸੂਬੇ ਵਿੱਚ ਸਥਿਤ ਪੰਜਾਬ ਦੀ ਖੇਤਰੀ ਪਾਰਟੀ ਨੂੰ ਵੀ ਬੜਾ ਵੱਡਾ ਸਿਆਸੀ ਸੁਨੇਹਾ ਦੇ ਦਿੱਤਾ ਹੈ।

ਦਰਅਸਲ ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਦੂਜੇ ਦੇ ਪੂਰਕ ਰਹੇ ਹਨ। ਦੋਹਾਂ ਪਾਰਟੀਆਂ ਦੇ ਪ੍ਰਧਾਨਾਂ ਦੀ ਆਪਸੀ ਪਰਿਵਾਰਿਕ ਸਾਂਝ ਦੀ ਉਦਾਹਰਨ ਦਿੱਤੀ ਜਾਂਦੀ ਰਹੀ ਹੈ। ਜਦੋਂ ਚੌਧਰੀ ਦੇਵੀਲਾਲ ਨੇ ਹਰਿਆਣਾ ਵਿੱਚ ਸ਼ਰਾਬ ਬੰਦੀ ਕੀਤੀ ਸੀ ਤਾਂ ਆਮ ਨਾਹਰਾ ਸੀ ਕਿ ਹਮਰੇ ਤਉ ਕੇ ਸਾਥ ਬਾਦਲ ਸਾਹਿਬ ਵਟਾ ਲਿਓ। ਇਹ ਬੇਸਕ ਮਜਾਕੀਆ ਸ਼ਬਦ ਸਨ ਪਰ ਇਨ੍ਹਾਂ ਸ਼ਬਦਾਂ ਵਿਚ ਦੋਹਾਂ ਪਰਿਵਾਰਾਂ ਦੀ ਨੇੜਤਾ ਅਤੇ ਪੰਜਾਬ ਹਰਿਆਣਾ ਦੇ ਆਪਸੀ ਸਬੰਧਾਂ ਦੀ ਸੁਗੰਧ ਜਰੂਰੀ ਆਉਂਦੀ ਸੀ।

 

ਪਿਛਲੇ ਵੀਹ ਸਾਲ ਤੋਂ ਚੌਟਾਲਾ ਪਰਿਵਾਰ ਹਰਿਆਣਾ ਦੀ ਸੱਤਾ ਤੋਂ ਦੂਰ ਹੈ ਤੇ ਅਗਲੇ ਪੰਜ ਸਾਲ ਦਾ ਸਿਆਸੀ ਬਣਵਾਸ ਫਿਰ ਤੈਅ ਹੋ ਚੁੱਕਾ ਹੈ। ਇਸ ਤੋਂ ਬਾਅਦ ਕੀ ਬਣਨਾ ਸਿਆਸਤ ਹੈ ਖ਼ੈਰ । ਸਾਰੀਆਂ ਸੰਭਾਵਨਾਵਾਂ ਚਲਦਿਆਂ ਕੁਝ ਵੀ ਹੋ ਸਕਦਾ ਹੈ ਪਰ ਇਹਨਾਂ ਨਤੀਜਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਵਰਗੀ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਦਾ ਸੁਨੇਹਾ ਜਰੂਰ ਮਿਲ ਗਿਆ ਹੈ।

 

ਅੱਜ ਜਿਸ ਚੌਟਾਲਾ ਪਰਿਵਾਰ ਤੋਂ ਟਿਕਟ ਲੈਣ ਲਈ ਦਰਜਨਾਂ ਦੀ ਕਤਾਰ ਵਿੱਚ ਆਗੂ ਸ਼ਾਮਿਲ ਰਹਿੰਦੇ ਸਨ, ਅੱਜ ਪਰਿਵਾਰਿਕ ਕਲੇਸ਼ ਕਾਰਨ ਅਤੇ ਸਿਆਸ ਤੌਰ ਤੇ ਕਮਜੋਰ ਹੋਣ ਦੇ ਚਲਦੇ, ਹਾਸ਼ੀਏ ਤੇ ਜਾ ਚੁੱਕਾ ਹੈ।

 

ਸ਼੍ਰੋਮਣੀ ਅਕਾਲੀ ਦਲ ਜਿਸ ਤਰੀਕੇ ਪਿਛਲੇ ਦੋ ਵਿਧਾਨ ਸਭਾ ਚੋਣਾਂ ਬੁਰੇ ਤਰੀਕੇ ਦੇ ਨਾਲ ਹਾਰਿਆ, ਉਸ ਨਾਲ ਪਾਰਟੀ ਦੀ ਜ਼ਮੀਨੀ ਤਾਕਤ ਜ਼ਰੂਰ ਕਮਜੋਰ ਹੋਈ। ਦਸ ਸਾਲ ਲਗਾਤਾਰ ਰਾਜ ਕਰਨ ਵਾਲਾ ਅਕਾਲੀ ਦਲ ਅੱਜ ਬਾਹਰੀ ਚੁਣੌਤੀ ਤੋਂ ਵੱਧ ਅੰਦਰੂਨੀ ਤੌਰ ਤੇ ਮਿਲ ਰਹੀ ਚੁਣੌਤੀ ਤੋਂ ਜਿਆਦਾ ਪ੍ਰੇਸ਼ਾਨ ਹੈ। ਦੋ ਵੱਡੇ ਹਿੱਸਿਆ ਵਿੱਚ ਅਕਾਲੀ ਦਲ ਦੀ ਖੇਮੈਜੰਗੀ ਨੇ ਅਕਾਲੀ ਦਲ ਨੂੰ ਕਾਫੀ ਕਮਜੋਰ ਕਰ ਦਿੱਤਾ ਹੈ।

 

2017 ਵਿਧਾਨ ਸਭਾ ਚੋਣ ਦੀ ਹਾਰ ਤੋਂ ਬਾਅਦ ਉਮੀਦ ਸੀ ਅਕਾਲੀ ਦਲ ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਲੀਡਰਸ਼ਿਪ ਖਲਾਅ ਤੋਂ ਬਾਅਦ ਮਜ਼ਬੂਤ ਹੋਕੇ ਉਭਰੇਗਾ ਪਰ ਇਸ ਦੀ ਜਗ੍ਹਾ ਆਮ ਆਦਮੀ ਪਾਰਟੀ ਨੇ ਲਈ ਅਤੇ ਸਿਆਸੀ ਗੁੱਸਾ ਸਭ ਦੇ ਸਾਹਮਣੇ ਸੀ ਕਿ ਬੈਠੇ ਬਿਠਾਏ ਆਮ ਆਦਮੀ ਪਾਰਟੀ ਸੱਤਾ ਕਾਬਜ ਤੱਕ ਸੀਮਤ ਨਾ ਹੋਕੇ ਅਕਾਲੀ ਦਲ ਨੂੰ ਹਾਸ਼ੀਏ ਤੱਕ ਲੈਕੇ ਗਈ।

 

ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਠੀਕ ਉਸੇ ਤਰੀਕੇ ਦੀ ਰਹੀ ਜਿਸ ਤਰੀਕੇ ਹਰਿਆਣਾ ਦੇ ਵਿੱਚ ਪਿਛਲੀਆਂ ਚਾਰ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ ਦੀ ਹਾਰ ਹੁੰਦੀ ਰਹੀ । ਸਿਰਫ ਤੇ ਸਿਰਫ ਚੌਟਾਲਾ ਪਰਿਵਾਰ ਦੇ ਇੱਕ ਦੋ ਮੈਂਬਰ ਜਿੱਤਦੇ ਰਹੇ ਪਰ ਪਾਰਟੀ ਹਾਰਦੀ ਰਹੀ, ਜਿਸ ਤਰਾਂ 2019 ਵਿੱਚ ਅਕਾਲੀ ਦਲ ਹਾਰਿਆ ਅਤੇ ਬਾਦਲ ਪਰਿਵਾਰ ਦੀ ਜਿੱਤ ਹੋਈ, ਠੀਕ ਇਸ ਵਾਰ ਵੀ ਬਾਦਲ ਪਰਿਵਾਰ ਤਾਂ ਜਿੱਤਿਆ ਪਰ ਦਸ ਸੀਟ ਤੇ ਜਮਾਨਤ ਤੱਕ ਨਹੀਂ ਬਚੀ।

ਅਕਾਲੀ ਦਲ ਨੂੰ ਸਮੇਂ ਨਾਲ ਆਪਣੀ ਅਸਲੀ ਸਿਆਸੀ ਤਾਕਤ ਦੀ ਪਛਾਣ ਕਰਦੇ ਹੋਏ, ਲੋਕ ਮੁੱਦਿਆਂ ਦੀ ਲੜਾਈ ਨੂੰ ਜ਼ਮੀਨੀ ਧਰਾਤਲ ਤੋ ਖੜੇ ਕਰਕੇ ਅਵਾਮ ਦੀ ਅਵਾਜ ਨੂੰ ਆਪਣੇ ਹੱਕ ਵਿੱਚ ਬੁਲੰਦ ਕਰਨ ਦੀ ਜਦੋਂ ਜਹਿਦ ਕਰਨੀ ਚਾਹੀਦੀ ਹੈ।

 

ਲੀਡਰਸ਼ਿਪ ਬਦਲਾਅ ਦੀ ਉੱਠ ਰਹੀ ਮੰਗ ਵਿਚਕਾਰ ਪਾਰਟੀ ਦੇ ਸਿਆਸੀ ਭਵਿੱਖ਼ ਨੂੰ ਬਚਾਉਣ ਲਈ ਅਜਿਹੇ ਲੀਡਰ ਨੂੰ ਅਗਲੀ ਲੜਾਈ ਲਈ ਤਿਆਰ ਕਰਨਾ ਹੋਵੇਗਾ ਜਿਹੜਾ ਨਾ ਸਿਰਫ ਆਪਣੀ ਪਾਰਟੀ ਅੰਦਰ ਤਾਕਤਵਰ ਰੂਪ ਵਿੱਚ ਵਿਚਰੇ ਸਗੋ ਵਿਰੋਧੀ ਪਾਰਟੀਆਂ ਨੂੰ ਟੱਕਰ ਦੇਣ ਦੇ ਸਮਰੱਥ ਹੋਵੇ। ਇਸ ਵੇਲੇ ਪਾਰਟੀ ਕੋਲ ਬਿਕਰਮ ਮਜੀਠੀਆ ਵਰਗੇ ਮਜ਼ਬੂਤ ਚਿਹਰੇ ਦੀ ਪਕੜ ਹੈ, ਜਿਹੜਾ ਕਿ ਆਪਣੇ ਆਪ ਵਿੱਚ ਸੰਗਠਨ ਹੈ ਤੇ ਵਿਰੋਧੀਆਂ ਨੂੰ ਵੀ ਹਮੇਸ਼ਾ ਆਪਣੇ ਤਿੱਖੇ ਸ਼ਬਦਾਂ ਨਾਲ ਜਵਾਬ ਦੇਣ ਦੇ ਸਮਰੱਥ ਹੈ। ਇਸ ਤੋਂ ਇਲਾਵਾ ਓਹਨਾ ਦੇ ਨਾਮ ਤੇ ਵਰਕਰ ਉਤਸ਼ਾਹਤ ਹਨ। ਚੋਥੀ ਵੱਡੀ ਗੱਲ ਕਿ ਬਿਕਰਮ ਮਜੀਠੀਆ ਤੇ ਵਰਕਰ ਭਰੋਸਾ ਕਰਦੇ ਹਨ ਤੇ ਵਿਰੋਧੀ ਵੀ ਓਹਨਾ ਵਲੋ ਕੀਤੇ ਤਿੱਖੇ ਹਮਲਿਆਂ ਤੋ ਬਚਣ ਦੀ ਕੋਸ਼ਿਸ਼ ਕਰਦੇ ਹਨ।

 

ਬਿਕਰਮ ਮਜੀਠੀਆ ਨਾ ਸਿਰਫ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਆਪਣੇ ਨਾਲ ਲੈਕੇ ਚਲਣ ਦਾ ਦਮ ਰੱਖਦੇ ਹਨ ਇਸ ਦੇ ਨਾਲ ਨੌਜਵਾਨਾਂ ਵਿੱਚ ਵੀ ਓਹ ਭਰੋਸੇਯੋਗ ਹਨ। ਇਸ ਤੋਂ ਵੀ ਖਾਸ ਗਲ ਕਿ ਓਹਨਾ ਦਾ ਅਧਾਰ ਮਾਝਾ ਖੇਤਰ ਤੱਕ ਸੀਮਤ ਨਾ ਰਹਿ ਕਿ ਮਾਲਵੇ ਅਤੇ ਦੁਆਬੇ ਤੱਕ ਮਜ਼ਬੂਤ ਹੈ।

 

ਸੰਗਠਨ ਚਲਾਉਣ ਵਿੱਚ ਬਿਕਰਮ ਮਜੀਠੀਆ ਮੁਹਾਰਤ ਰੱਖਦੇ ਹਨ। ਪਾਰਟੀ ਦੇ ਹਰ ਵਰਗ ਦੀ ਲੀਡਰਸ਼ਿਪ ਨਾਲ ਵਿਸ਼ਵਾਸ ਨਾਲ ਫੈਸਲਾ ਕਰਵਾਉਣ ਦਾ ਸਮਰੱਥ ਹਨ। ਜੇਕਰ ਅਕਾਲੀ ਦਲ ਨੇ ਸਮੇਂ ਦੀ ਨਜਾਕਤ ਨੂੰ ਇਨੈਲੋ ਦੇ ਹਸ਼ਰ ਤੋਂ ਬਾਅਦ ਵੀ ਨਾ ਸਮਝਿਆ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਦਿੱਤਾ ਗਿਆ ਪੱਚੀ ਸਾਲ ਰਾਜ ਕਰਾਂਗੇ ਦਾ ਨਾਅਰਾ ਉਲਟ ਅਕਾਲੀ ਦਲ ਤੇ ਲਾਗੂ ਹੋਵੇਗਾ, ਪੱਚੀ ਸਾਲ ਰਾਜ ਕਰਾਂਗਾ ਨਹੀਂ ਸਗੋ ਪੱਚੀ ਸਾਲ ਰਾਜ ਤੋ ਦੂਰ ਰਹਾਂਗੇ।

 

ਇਸ ਵੇਲੇ ਅਕਾਲੀ ਦਲ ਕੋਲ ਅਵਾਮ ਤੱਕ ਗੱਲ ਪਹਚਾਉਣ ਵਾਲੀ ਲੀਡਰਸ਼ਿਪ ਦੀ ਘਾਟ ਨਹੀਂ ਹੈ। ਬੁਲਾਰੇ ਦੇ ਤੌਰ ਨੌਜਵਾਨ ਚੇਹਰੇ ਹਨ ਤਾਂ ਹੋਸ਼ ਦੇ ਤੌਰ ਤੇ ਕਈ ਸੀਨੀਅਰ ਆਗੂਆਂ ਦਾ ਸੁਮੇਲ ਹੈ।

 

ਅਕਾਲੀ ਦਲ ਨੂੰ ਠੀਕ 1996 ਵਰਗਾ ਫਾਰਮੂਲਾ ਅਪਣਾਉਣ ਦੀ ਲੋੜ ਹੋਵੇਗੀ। ਜਦੋਂ ਅਕਾਲੀ ਦਲ ਨੇ ਸੂਬਿਆਂ ਦੇ ਵੱਧ ਅਧਿਕਾਰਾਂ, ਘੱਟ ਗਿਣਤੀ ਨਾਲ ਹੋ ਰਹੇ ਵਿਤਕਰੇ ਦੇ ਮੁੱਦੇ, ਰਾਜਧਾਨੀ ਅਤੇ ਪੰਜਾਬੀ ਬੋਲੀ ਦੇ ਮੁੱਦਿਆਂ ਸਮੇਤ GST ਵਰਗੇ ਮੁੱਦਿਆਂ ਦੀ ਤਰਜ ਤੇ ਇਕ ਦੇਸ਼ ਇੱਕ ਚੋਣ ਵਰਗੇ ਆਉਣ ਵਾਲੇ ਫੈਸਲਿਆਂ ਤੇ ਆਪਣਾ ਪ੍ਰਭਾਵਸ਼ਾਲੀ ਪੈਂਤੜਾ ਖੇਡਣਾ ਹੋਵੇਗਾ, ਜੇਕਰ ਖੇਤੀ ਕਾਨੂੰਨਾਂ ਦੀ ਤਰਾਂ ਆਪਣੇ ਤੌਰ ਤੇ ਅਵਾਮ ਦੇ ਖਿਲਾਫ ਵਕਾਲਤ ਕੀਤੀ ਤਾਂ ਫੈਸਲਾ ਜਨਤਾ ਦੀ ਅਦਾਲਤ ਵਲੋਂ ਵੀ ਉਹੋ ਜਿਹਾ ਹੋਵੇਗਾ।

 

ਅਕਾਲੀ ਦਲ ਦੇ ਦੋ ਅਹਿਮ ਥੰਮ ਕਿਸਾਨੀ ਅਤੇ ਪੰਥਕ ਖੇਤਰ ਨੂੰ ਮਜ਼ਬੂਤ ਕਰਨ ਦੀ ਲੋੜ ਹੋਵੇਗੀ। ਕਿਸਾਨਾਂ ਵਿੱਚ ਅਕਾਲੀ ਦਲ ਪ੍ਰਤੀ ਪੈਦਾ ਹੋਏ ਅਵਿਸ਼ਵਾਸ ਨੂੰ ਦੂਰ ਕਰਨ ਦੀ ਲੋੜ ਹੋਵੇਗੀ ਅਤੇ ਪੰਥਕ ਖੇਤਰ ਵਿੱਚ ਅਕਸ ਸੁਧਾਰਨ ਅਤੇ ਆਪਣੇ ਤੇ ਲੱਗੇ ਗੰਭੀਰ ਇਲਜਾਮਾਂ ਕਰਕੇ ਕੌਮ ਦਾ ਮੁੜ ਵਿਸ਼ਵਾਸ ਕਿਵੇਂ ਜਿੱਤਿਆ ਜਾ ਸਕੇ ਇਸ ਤੇ ਵਿਚਾਰ ਕਰਨਾ ਹੋਵੇਗਾ। ਪੰਥਕ ਆਗੂ ਸਿਆਸੀ ਖੇਤਰ ਨੂੰ ਵੱਖ ਵੱਖ ਤੌਰ ਤੇ ਸਮਝਣ ਦੀ ਜਰੂਰਤ ਹੋਵੇਗੀ। ਰਾਜਸੀ ਫੈਸਲਿਆਂ ਦੇ ਨਬੇੜੇ ਦਾ ਅਸਰ ਪੰਥਕ ਖੇਤਰ ਦੇ ਘੇਰਾਬੰਦੀ ਤੋਂ ਦੂਰ ਕਰਨੇ ਹੋਣਗੇ ਅਤੇ ਪੰਥ ਅਤੇ ਕੌਮ ਨਾਲ ਜੁੜੇ ਮੁੱਦਿਆਂ ਨੂੰ ਸਿਆਸੀ ਲਾਹੇ ਤੋ ਦੂਰ ਕਰਨ ਦੀ ਲੋੜ ਪਵੇਗੀ। ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਵਿੱਚ ਸਿੱਧਾ ਦਖਲ ਦੇਣ ਦੇ ਲੱਗਣ ਵਾਲੇ ਇਲਜਾਮਾਂ ਤੋ ਆਪਣੀ ਲੀਡਰਸ਼ਿਪ ਨੂੰ ਦੂਰ ਕਰਨਾ ਹੋਵੇਗਾ। ਪਾਰਟੀ ਦਾ ਆਪਣਾ ਧਾਰਮਿਕ ਬੋਰਡ ਵੱਖਰਾ ਅਤੇ ਸਿਆਸੀ ਬੋਰਡ ਵੱਖਰਾ ਕਰਨਾ ਹੋਵੇਗਾ।

 

ਇਸ ਵੇਲੇ ਅਕਾਲੀ ਦਲ ਨੂੰ ਇਹ ਸਮਝਣ ਦੀ ਲੋੜ ਹੋਵੇਗੀ ਕਿ ਨਿਰੋਲ ਸ਼ਹਿਰੀ ਖੇਤਰ ਦੀਆਂ ਤਿੰਨ ਦਰਜਨ ਸੀਟਾਂ ਤੇ ਆਪਣਾ ਪ੍ਰਭਾਵ ਕਿਵੇਂ ਪੈਦਾ ਕਰਨਾ ਹੈ। ਇਹਨਾ ਤਿੰਨ ਦਰਜਨ ਸੀਟਾਂ ਤੇ ਅਕਾਲੀ ਦਲ ਹਾਸ਼ੀਏ ਤੇ ਹੈ ਜੇਕਰ ਇਹਨਾ ਸੀਟਾਂ ਨੂੰ ਕੁੱਲ ਸੀਟਾਂ ਤੋਂ ਬਾਹਰ ਕਰਕੇ ਵੇਖੀਏ ਤਾਂ ਅਕਾਲੀ ਦਲ ਕੋਲ 85 ਦੇ ਕਰੀਬ ਸੀਟ ਬਚਦਿਆਂ ਹਨ ਜਿਨ੍ਹਾਂ ਵਿਚੋਂ ਬਹੁਮਤ ਦਾ ਅੰਕੜਾ ਆਪਣੇ ਦਮ ਤੇ ਲੈਕੇ ਜਾਣਾ ਔਖਾ ਹੈ। ਖਾਸ ਤੌਰ ਤੇ ਉਸ ਵਕਤ ਜਦੋਂ ਬਚੀਆਂ ਹੋਈਆਂ 85 ਸੀਟਾਂ ਵਿਚੋਂ ਵੀ 30 ਸੈਮੀ ਅਰਬਨ ਹੋਣ।

 

ਅਕਾਲੀ ਦਲ ਨੂੰ ਪੇਂਡੂ ਖੇਤਰ ਮਜ਼ਬੂਤ ਕਰਨ ਦੇ ਨਾਲ ਨਾਲ ਸ਼ਹਿਰੀ ਖੇਤਰ ਵੱਲ ਆਪਣਾ ਅਧਾਰ ਮਜ਼ਬੂਤ ਕਰਨ ਵੱਲ ਧਿਆਨ ਦੇਣ ਲਈ ਬੇਹੱਦ ਵੱਡੀ ਲੋੜ ਹੈ ਜਾਂ ਫਿਰ ਅਜਿਹੇ ਸੰਗਠਨ ਦੀ ਭਾਲ ਕਰਨੀ ਚਾਹੀਦੀ ਹੈ ਜਿਹੜਾ ਅਕਾਲੀ ਦਲ ਸਿਆਸੀ ਹਿੱਤ ਵੀ ਪੂਰੇ ਕਰਕੇ ਅਤੇ ਅਕਾਲੀ ਦਲ ਨੂੰ ਜਨਤਕ ਕਚਹਿਰੀ ਵਿੱਚ ਖੜੇ ਹੋਣ ਤੋਂ ਵੀ ਬਚਾਵੇ।

 

Scroll to Top