ਚੰਡੀਗੜ੍ਹ, 05 ਜੁਲਾਈ 2023: ਸ਼ਰਦ ਪਵਾਰ ਅਤੇ ਅਜੀਤ ਪਵਾਰ (Ajit Pawar) ਧੜੇ ਦੇ ਐਨਸੀਪੀ ਵਿਧਾਇਕ ਅਤੇ ਸੰਸਦ ਮੈਂਬਰ ਮੁੰਬਈ ਵਿੱਚ ਮੀਟਿੰਗ ਕਰ ਰਹੇ ਹਨ। ਦੋਵੇਂ ਧੜੇ ਆਪਣੀ ਤਾਕਤ ਦਿਖਾ ਰਹੇ ਹਨ। ਅਜੀਤ ਪਵਾਰ ਨੇ ਕਿਹਾ ਕਿ ਮੈਂ ਅੱਜ ਜੋ ਕੁਝ ਵੀ ਹਾਂ, ਸ਼ਰਦ ਪਵਾਰ ਸਾਹਬ ਦੀ ਬਦੌਲਤ ਹਾਂ। ਮੈਂ ਪਾਰਟੀ ਦਾ ਛੋਟਾ ਜਿਹਾ ਵਰਕਰ ਸੀ।
ਅਜੀਤ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਅਤੇ ਇਸ ਦੇ ਚੋਣ ਨਿਸ਼ਾਨ ‘ਤੇ ਆਪਣਾ ਦਾਅਵਾ ਪੇਸ਼ ਕਰਦੇ ਹੋਏ ਚੋਣ ਕਮਿਸ਼ਨ ‘ਚ ਪਟੀਸ਼ਨ ਦਾਇਰ ਕੀਤੀ ਹੈ। ਇੱਥੇ ਸ਼ਰਦ ਗਰੁੱਪ ਦੇ ਮਹਾਰਾਸ਼ਟਰ ਪ੍ਰਦੇਸ਼ ਪ੍ਰਧਾਨ ਜਯੰਤ ਪਾਟਿਲ ਨੇ ਅਜੀਤ ਪਵਾਰ ਸਮੇਤ 9 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ।
ਅਜੀਤ ਪਵਾਰ (Ajit Pawar) ਅਤੇ ਸ਼ਰਦ ਪਵਾਰ ਧੜੇ ਦੀ ਮੁੰਬਈ ਵਿੱਚ ਮੁਲਾਕਾਤ ਹੋਈ। ਅਜੀਤ ਪਵਾਰ ਦੀ ਮੀਟਿੰਗ ਵਿੱਚ ਐਨਸੀਪੀ ਦੇ 35 ਵਿਧਾਇਕਾਂ ਅਤੇ ਪੰਜ ਐਮਐਲਸੀ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸ਼ਰਦ ਪਵਾਰ ਧੜੇ ਦੀ ਮੀਟਿੰਗ ਵਿੱਚ 13 ਵਿਧਾਇਕ ਸ਼ਾਮਲ ਹੋਏ। ਇਸ ਤੋਂ ਇਲਾਵਾ ਮੀਟਿੰਗ ਵਿੱਚ ਤਿੰਨ ਐਮਐਲਸੀ ਅਤੇ ਪੰਜ ਸੰਸਦ ਮੈਂਬਰ ਵੀ ਮੌਜੂਦ ਸਨ।
ਸਾਬਕਾ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਨੇ ਕਿਹਾ ਕਿ ਜਦੋਂ ਅਸੀਂ ਸ਼ਿਵ ਸੈਨਾ ਦੀ ਵਿਚਾਰਧਾਰਾ ਨੂੰ ਸਵੀਕਾਰ ਕਰ ਸਕਦੇ ਹਾਂ ਤਾਂ ਭਾਜਪਾ ਨਾਲ ਜਾਣ ‘ਚ ਕੀ ਇਤਰਾਜ਼ ਹੈ ? ਅਸੀਂ ਇਸ ਗਠਜੋੜ ਵਿੱਚ ਇੱਕ ਸੁਤੰਤਰ ਇਕਾਈ ਵਜੋਂ ਸ਼ਾਮਲ ਹੋਏ ਹਾਂ।