ਵੈਨੇਜ਼ੁਏਲਾ , 03 ਜਨਵਰੀ 2026: ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ‘ਤੇ ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਸੱਤ ਹਵਾਈ ਹਮਲੇ ਕੀਤੇ ਜਾਣ ਦੀ ਖ਼ਬਰ ਹੈ। ਮੀਡੀਆ ਖ਼ਬਰਾਂ ਮੁਤਾਬਕ ਪਹਿਲਾ ਹਮਲਾ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਦੇ ਕਰੀਬ ਹੋਇਆ।
ਹਮਲੇ ਦੀ ਇੱਕ ਵਾਇਰਲ ਵੀਡੀਓ ‘ਚ ਸ਼ਹਿਰ ਦੇ ਉੱਪਰ ਲਗਭੱਗ 10 ਜਹਾਜ਼ਾਂ ਨੂੰ ਨੀਵੀਂ ਉਡਾਣ ਭਰਦੇ ਦਿਖਾਈ ਦਿੱਤੇ। ਰਾਇਟਰਜ਼ ਦੇ ਮੁਤਾਬਕ ਸ਼ਹਿਰ ਦੇ ਕਈ ਖੇਤਰਾਂ ‘ਚ ਉੱਚੀਆਂ ਆਵਾਜ਼ਾਂ ਸੁਣੀਆਂ , ਜਦੋਂ ਕਿ ਇੱਕ ਵੱਡੇ ਫੌਜੀ ਅੱਡੇ ਦੇ ਨੇੜੇ ਦੱਖਣੀ ਖੇਤਰ ‘ਚ ਬਿਜਲੀ ਬੰਦ ਕਰ ਦਿੱਤੀ ਗਈ।
ਧਮਾਕਿਆਂ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਘਬਰਾਏ ਹੋਏ ਨਿਵਾਸੀ ਸੜਕਾਂ ‘ਤੇ ਉਤਰ ਆਏ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਧਮਾਕਿਆਂ ਦਾ ਕਾਰਨ ਕੀ ਸੀ। ਵੈਨੇਜ਼ੁਏਲਾ ਸਰਕਾਰ ਵੱਲੋਂ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਆਈ। ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ਹਮਲੇ ਸੰਯੁਕਤ ਰਾਜ ਅਮਰੀਕਾ ਦੁਆਰਾ ਕੀਤੇ ਸਨ।
ਵੈਨੇਜ਼ੁਏਲਾ ਤੇ ਅਮਰੀਕਾ ਵਿਚਾਲੇ ਵਧਦਾ ਤਣਾਅ
ਇਹ ਘਟਨਾ ਵੈਨੇਜ਼ੁਏਲਾ ਅਤੇ ਸੰਯੁਕਤ ਰਾਜ ਅਮਰੀਕਾ ਵਿਚਾਲੇ ਵਧੇ ਹੋਏ ਤਣਾਅ ਦੇ ਸਮੇਂ ਆਈ ਹੈ। ਅਮਰੀਕਾ ਨੇ ਵੈਨੇਜ਼ੁਏਲਾ ਦੇ ਨੇੜੇ ਪਾਣੀਆਂ ‘ਚ ਫੌਜਾਂ, ਜਹਾਜ਼ਾਂ ਅਤੇ ਜੰਗੀ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ।
ਇਸ ਸਮੇਂ ਦੌਰਾਨ, ਅਮਰੀਕੀ ਫੌਜ ਨੇ ਕਈ ਛੋਟੀਆਂ ਕਿਸ਼ਤੀਆਂ ‘ਤੇ ਹਮਲਾ ਕੀਤਾ ਜਿਨ੍ਹਾਂ ਬਾਰੇ ਅਮਰੀਕਾ ਦਾ ਦਾਅਵਾ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਸਨ। ਇਨ੍ਹਾਂ ਹਮਲਿਆਂ ‘ਚ ਹੁਣ ਤੱਕ ਘੱਟੋ-ਘੱਟ 105 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਦੋ ਹਫ਼ਤੇ ਪਹਿਲਾਂ ਪ੍ਰਸਿੱਧ ਅਮਰੀਕੀ ਐਂਕਰ ਟਕਰ ਕਾਰਲਸਨ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰਪਤੀ ਟਰੰਪ ਵੈਨੇਜ਼ੁਏਲਾ ਵਿਰੁੱਧ ਜੰਗ ਦਾ ਐਲਾਨ ਕਰ ਸਕਦੇ ਹਨ। ਕਾਰਲਸਨ ਨੇ ਇਹ ਦਾਅਵਾ ਆਪਣੇ ਔਨਲਾਈਨ ਸ਼ੋਅ, “ਜਜਿੰਗ ਫ੍ਰੀਡਮ” ‘ਚ ਕੀਤਾ ਸੀ।
ਉਨ੍ਹਾਂ ਦੇ ਮੁਤਾਬਕ ਸੰਯੁਕਤ ਰਾਜ ਅਮਰੀਕਾ ਅਤੇ ਵੈਨੇਜ਼ੁਏਲਾ ਵਿਚਾਲੇ ਇੱਕ ਫੌਜੀ ਟਕਰਾਅ ਪੈਦਾ ਹੋ ਸਕਦਾ ਹੈ ਅਤੇ ਰਾਸ਼ਟਰਪਤੀ ਇੱਕ ਭਾਸ਼ਣ ‘ਚ ਇਸਨੂੰ ਜਨਤਕ ਕਰ ਸਕਦੇ ਹਨ। ਟਰੰਪ ਨੇ ਵੈਨੇਜ਼ੁਏਲਾ ‘ਤੇ ਦਬਾਅ ਵਧਾਉਂਦੇ ਹੋਏ, ਵੈਨੇਜ਼ੁਏਲਾ ‘ਚ ਪਾਬੰਦੀਸ਼ੁਦਾ ਤੇਲ ਟੈਂਕਰਾਂ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਨਾਕਾਬੰਦੀ ਦਾ ਆਦੇਸ਼ ਦਿੱਤਾ।
Read More: Iran Protest: ਈਰਾਨ ‘ਚ ਵਿਰੋਧ ਪ੍ਰਦਰਸ਼ਨ ਛੇਵੇਂ ਦਿਨ ਜਾਰੀ, 6 ਨਾਗਰਿਕਾਂ ਦੀ ਮੌ.ਤ




