ਚੰਡੀਗੜ੍ਹ, 11 ਨਵੰਬਰ 2023: ਦਿੱਲੀ-ਐਨਸੀਆਰ ਵਿੱਚ ਮੀਂਹ ਤੋਂ ਬਾਅਦ ਹਵਾ ਪ੍ਰਦੂਸ਼ਣ (Air pollution) ਦੇ ਪੱਧਰ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਦੋ ਹਫ਼ਤਿਆਂ ਬਾਅਦ, ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 300 ਤੋਂ ਹੇਠਾਂ ਦਰਜ ਕੀਤਾ ਗਿਆ। ਸ਼ਨੀਵਾਰ (11 ਨਵੰਬਰ) ਨੂੰ ਦਿੱਲੀ ਦਾ ਸਮੁੱਚਾ AQI 219 ਸੀ। ਹਾਲਾਂਕਿ, ਹਵਾ ਦੀ ਗੁਣਵੱਤਾ ਅਜੇ ਵੀ ਬਹੁਤ ਮਾੜੀ ਹੈ |
ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਦਿੱਲੀ ਵਿੱਚ AQI 286 ਦਰਜ ਕੀਤਾ ਗਿਆ ਸੀ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਬਾਰਸ਼ ਤੋਂ ਬਾਅਦ ਦਿੱਲੀ ‘ਚ ਪ੍ਰਦੂਸ਼ਣ ਕਰੀਬ 50 ਫੀਸਦੀ ਤੱਕ ਘੱਟ ਗਿਆ ਹੈ। ਹਾਲਾਂਕਿ ਮੀਂਹ ਦਾ ਪ੍ਰਭਾਵ ਕਿੰਨਾ ਚਿਰ ਰਹੇਗਾ, ਇਹ ਕਹਿਣਾ ਮੁਸ਼ਕਿਲ ਹੈ।
ਪਿਛਲੇ ਦੋ ਹਫ਼ਤਿਆਂ ਤੋਂ, ਦਿੱਲੀ ਦੇ ਜ਼ਿਆਦਾਤਰ ਖੇਤਰਾਂ ਵਿੱਚ AQI 300 ਤੋਂ ਉੱਪਰ ਦਰਜ ਕੀਤਾ ਜਾ ਰਿਹਾ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਵੀਰਵਾਰ (9 ਨਵੰਬਰ) ਦੀ ਰਾਤ ਨੂੰ ਬਾਰਿਸ਼ ਤੋਂ ਪਹਿਲਾਂ ਦਿੱਲੀ ਵਿੱਚ 437 ਰਿਕਾਰਡ ਕੀਤਾ ਗਿਆ ਸੀ ।ਦਿੱਲੀ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਸ਼ਹਿਰਾਂ ਦੀ ਹਵਾ ਵੀ ਸਾਫ਼ ਹੋ ਗਈ ਹੈ। AQI 131 ਦੇ ਨਾਲ ਗ੍ਰੇਟਰ ਨੋਇਡਾ ਵਿੱਚ ਹਵਾ ਸਭ ਤੋਂ ਸਾਫ਼ ਸੀ। AQI ਨੋਇਡਾ ਵਿੱਚ 148, ਗੁਰੂਗ੍ਰਾਮ ਵਿੱਚ 181, ਫਰੀਦਾਬਾਦ ਵਿੱਚ 174 ਅਤੇ ਗਾਜ਼ੀਆਬਾਦ ਵਿੱਚ 157 ਸੀ।
ਦਿੱਲੀ ‘ਚ ਵਧਦੇ ਪ੍ਰਦੂਸ਼ਣ (Air pollution) ਨੂੰ ਲੈ ਕੇ 10 ਨਵੰਬਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਨੇ ਕਿਹਾ ਕਿ ਜਦੋਂ ਅਸੀਂ ਹਰ ਸਾਲ ਦਖਲ ਦਿੰਦੇ ਹਾਂ ਤਾਂ ਹੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ। ਪਿਛਲੇ 6 ਸਾਲਾਂ ਤੋਂ ਸਰਕਾਰ ਕੀ ਕਰ ਰਹੀ ਸੀ? ਹੁਣ ਅਸੀਂ ਪ੍ਰਦੂਸ਼ਣ ਸਬੰਧੀ ਨਤੀਜੇ ਦੇਖਣਾ ਚਾਹੁੰਦੇ ਹਾਂ।