ਨਵੀਂ ਦਿੱਲੀ, 21 ਜੁਲਾਈ 2025: ਬੰਗਲਾਦੇਸ਼ ਹਵਾਈ ਫੌਜ ਦਾ ਇੱਕ F-7 ਸਿਖਲਾਈ ਜਹਾਜ਼ ਸੋਮਵਾਰ ਨੂੰ ਇੱਕ ਕਾਲਜ ਕੈਂਪਸ ‘ਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਕਾਲਜ ਦੀ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦੋਂ ਕਿ ਚਾਰ ਜਣਿਆਂ ਜ਼ਖਮੀ ਹੋ ਗਏ। ਹਾਦਸੇ ਸਮੇਂ ਬੱਚੇ ਮਾਈਲਸਟੋਨ ਕਾਲਜ ‘ਚ ਮੌਜੂਦ ਸਨ। ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਸਕੂਲ ਅਤੇ ਕਾਲਜ ‘ਚ ਹਫੜਾ-ਦਫੜੀ ਮਚ ਗਈ। ਅੱਗ ਬੁਝਾਊ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਬੰਗਲਾਦੇਸ਼ ਫੌਜ ਦੇ ਲੋਕ ਸੰਪਰਕ ਦਫ਼ਤਰ ਨੇ ਕਿਹਾ ਕਿ ਹਵਾਈ ਫੌਜ ਦਾ ਸਿਖਲਾਈ ਜਹਾਜ਼ F-7 BGI ਢਾਕਾ ਦੇ ਉਤਰਾ ਖੇਤਰ ਦੇ ਦਿਆਬਾਰੀ ਖੇਤਰ ‘ਚ ਮਾਈਲਸਟੋਨ ਸਕੂਲ ਅਤੇ ਕਾਲਜ ਕੈਂਪਸ ‘ਚ ਹਾਦਸਾਗ੍ਰਸਤ ਹੋ ਗਿਆ। ਫਾਇਰ ਅਫਸਰ ਲੀਮਾ ਖਾਨ ਨੇ ਕਿਹਾ ਕਿ ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਕਿਹਾ ਕਿ ਸਿਖਲਾਈ ਜਹਾਜ਼ ਦੁਪਹਿਰ ਲਗਭਗ 1:06 ਵਜੇ ਉਡਾਣ ਭਰੀ ਅਤੇ ਟੇਕਆਫ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਜਹਾਜ਼ ‘ਚ ਅੱਗ ਲੱਗ ਗਈ। ਅੱਗ ਬੁਝਾਉਣ ਲਈ ਅੱਠ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀਆਂ। ਮਾਈਲਸਟੋਨ ਸਕੂਲ ਅਤੇ ਕਾਲਜ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਸਕੂਲ ਦੇ ਗੇਟ ਦੇ ਨੇੜੇ ਡਿੱਗ ਗਿਆ। ਸਕੂਲ ਕੈਂਪਸ ‘ਚ ਕਲਾਸਾਂ ਚੱਲ ਰਹੀਆਂ ਸਨ ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ। ਜ਼ਖਮੀਆਂ ਨੂੰ ਇੱਕ-ਇੱਕ ਕਰਕੇ ਬਾਹਰ ਕੱਢਿਆ ਜਾ ਰਿਹਾ ਹੈ।
ਬੰਗਲਾਦੇਸ਼ੀ ਮੀਡੀਆ ਦੇ ਅਨੁਸਾਰ, ਇੱਕ ਚਸ਼ਮਦੀਦ ਸਦਮਾਨ ਰੁਹਸਿਨ ਨੇ ਕਿਹਾ ਕਿ ਜਹਾਜ਼ ਸਕੂਲ ਦੀ ਇਮਾਰਤ ਨਾਲ ਟਕਰਾ ਗਿਆ। ਫੌਜ ਅਤੇ ਫਾਇਰ ਸਰਵਿਸ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ। ਫੌਜ ਦੇ ਜਵਾਨ ਜ਼ਖਮੀ ਵਿਦਿਆਰਥੀਆਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਦੇ ਹੋਏ ਦਿਖਾਈ ਦਿੱਤੇ।
Read More: ਕੇਂਦਰ ਸਰਕਾਰ ਨੇ ਅਹਿਮਦਾਬਾਦ ਹਵਾਈ ਹਾਦਸੇ ‘ਤੇ ਸੰਸਦ ‘ਚ ਦਿੱਤਾ ਜਵਾਬ, “ਨਿਯਮਾਂ ਮੁਤਾਬਕ ਜਾਂਚ ਜਾਰੀ”