ਚੰਡੀਗੜ੍ਹ, 17 ਮਈ 2023: ਦਿੱਲੀ ਤੋਂ ਸਿਡਨੀ ਜਾ ਰਹੀ ਏਅਰ ਇੰਡੀਆ (Air India) ਦੀ ਫਲਾਈਟ ਮੰਗਲਵਾਰ ਨੂੰ ਅਚਾਨਕ ਹਵਾ ਵਿਚ ਲੜਖੜਾ ਗਿਆ । ਇਸ ਦੌਰਾਨ 7 ਯਾਤਰੀ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਏਅਰ ਇੰਡੀਆ ਦਾ ਬੀ787-800 ਏਅਰਕ੍ਰਾਫਟ VT-ANY AI-302 ਮੰਗਲਵਾਰ ਨੂੰ ਦਿੱਲੀ ਤੋਂ ਰਵਾਨਾ ਹੋਇਆ। ਸਿਡਨੀ ਦੇ ਨੇੜੇ ਪਹੁੰਚਦੇ ਸਮੇਂ ਖਰਾਬ ਮੌਸਮ ਕਾਰਨ ਜਹਾਜ਼ ਲੜਖੜਾਉਣ ਲੱਗਾ |
ਚਾਲਕ ਦਲ ਨੇ ਹਾਦਸੇ ਦੌਰਾਨ ਘਬਰਾਏ ਅਤੇ ਜ਼ਖਮੀ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਜਹਾਜ਼ ‘ਚ ਮੌਜੂਦ ਇਕ ਡਾਕਟਰ ਅਤੇ ਨਰਸ ਨੇ ਵੀ ਜ਼ਖਮੀਆਂ ਦੀ ਮਦਦ ਕੀਤੀ। ਹਾਲਾਂਕਿ ਇਸ ਘਟਨਾ ‘ਚ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ ਹੈ। ਡੀਜੀਸੀਆਈ ਅਧਿਕਾਰੀਆਂ ਮੁਤਾਬਕ 7 ਜ਼ਖ਼ਮੀ ਯਾਤਰੀਆਂ ਦਾ ਸਿਡਨੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਇਲਾਜ ਕੀਤਾ ਗਿਆ। ਹਾਲਾਂਕਿ ਕਿਸੇ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਨਹੀਂ ਪਈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ‘ਚ 224 ਯਾਤਰੀ ਸਵਾਰ ਸਨ। ਜਹਾਜ਼ ਸਿਡਨੀ ‘ਚ ਸੁਰੱਖਿਅਤ ਉਤਰ ਗਿਆ ਸੀ।