ਚੰਡੀਗੜ੍ਹ, 22 ਫ਼ਰਵਰੀ 2023: ਏਅਰ ਇੰਡੀਆ (Air India) ਨੇਵਾਰਕ (ਅਮਰੀਕਾ)-ਦਿੱਲੀ ਦੀ ਉਡਾਣ (AI106) ਨੂੰ ਲਗਭਗ 300 ਯਾਤਰੀਆਂ ਨਾਲ ਸਵੀਡਨ ਦੇ ਸਟਾਕਹੋਮ ਹਵਾਈ ਅੱਡੇ ‘ਤੇ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਹਵਾਈ ਅੱਡੇ ‘ਤੇ ਵੱਡੀ ਗਿਣਤੀ ‘ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ।
ਇਸ ਦੌਰਾਨ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਦੱਸਿਆ ਕਿ ਏਅਰ ਇੰਡੀਆ (Air India) ਦੀ ਇੱਕ ਉਡਾਣ 300 ਯਾਤਰੀਆਂ ਨੂੰ ਲੈ ਕੇ ਬੁੱਧਵਾਰ ਨੂੰ ਅਮਰੀਕਾ ਦੇ ਨੇਵਾਰਕ ਤੋਂ ਦਿੱਲੀ ਲਈ ਰਵਾਨਾ ਹੋਈ। ਜਦੋਂ ਜਹਾਜ਼ ਕੁਝ ਦੇਰ ਲਈ ਅਸਮਾਨ ਵਿੱਚ ਉੱਡਿਆ ਸੀ ਤਾਂ ਅਚਾਨਕ ਇਸ ਦੇ ਇੱਕ ਇੰਜਣ ਵਿੱਚੋਂ ਤੇਲ ਲੀਕ ਹੋਣ ਲੱਗਾ। ਇਸ ਤੋਂ ਬਾਅਦ ਜਹਾਜ਼ ਨੇ ਸਵੀਡਨ ਦੇ ਸਟਾਕਹੋਮ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।
ਇਸ ਤੋਂ ਪਹਿਲਾਂ 20 ਫਰਵਰੀ ਨੂੰ ਦਿੱਲੀ ਤੋਂ ਦੇਵਘਰ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਹੜਕੰਪ ਮਚ ਗਿਆ ਸੀ। ਜਲਦਬਾਜ਼ੀ ‘ਚ ਜਹਾਜ਼ ਨੂੰ ਲਖਨਊ ਦੇ ਅਮੌਸੀ ਹਵਾਈ ਅੱਡੇ ‘ਤੇ ਉਤਾਰਿਆ ਗਿਆ ਸੀ। ਜਹਾਜ਼ ਨੂੰ ਆਈਸੋਲੇਸ਼ਨ ਬੇ ‘ਤੇ ਲਿਜਾਇਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਗਈ। ਜਾਂਚ ‘ਚ ਕੁਝ ਨਾ ਮਿਲਣ ‘ਤੇ ਸਟਾਫ ਨੇ ਸੁੱਖ ਦਾ ਸਾਹ ਲਿਆ ਅਤੇ ਫਿਰ ਜਹਾਜ਼ ਨੂੰ ਮੁੜ ਮੰਜ਼ਿਲ ‘ਤੇ ਰਵਾਨਾ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ 18 ਫਰਵਰੀ ਨੂੰ ਸਪਾਈਸ ਜੈੱਟ ਦੀ ਮੁੰਬਈ-ਕਾਂਡਲਾ ਫਲਾਈਟ ਨੂੰ ਤਕਨੀਕੀ ਖ਼ਰਾਬੀ ਕਾਰਨ ਟੇਕ-ਆਫ ਤੋਂ ਬਾਅਦ ਵਾਪਸ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਸਪਾਈਸਜੈੱਟ Q400 ਏਅਰਕ੍ਰਾਫਟ ਫਲਾਈਟ SG-2903 (ਮੁੰਬਈ – ਕਾਂਡਲਾ) ਨੂੰ ਟੇਕਆਫ ਤੋਂ ਬਾਅਦ ਕੈਬਿਨ ਪ੍ਰੈਸ਼ਰਾਈਜ਼ੇਸ਼ਨ ਅਲਰਟ ਪ੍ਰਾਪਤ ਹੋਇਆ। ਜਿਸ ਤੋਂ ਬਾਅਦ PIC ਨੇ ਸਾਵਧਾਨੀ ਵਰਤਦੇ ਹੋਏ ਜਹਾਜ਼ ਨੂੰ ਵਾਪਸ ਮੁੰਬਈ ਵਾਪਸ ਕਰਨ ਦਾ ਫੈਸਲਾ ਕੀਤਾ।