ਦਿੱਲੀ, 08 ਨਵੰਬਰ 2025: Delhi AQI: ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ ਅਜੇ ਵੀ ਜ਼ਹਿਰੀਲੀ ਹੈ। ਸ਼ਨੀਵਾਰ ਨੂੰ ਦਿੱਲੀ ਦੇ ਕਈ ਖੇਤਰਾਂ ‘ਚ ਹਵਾ ਗੁਣਵੱਤਾ ਸੂਚਕਾਂਕ (AQI) “ਬਹੁਤ ਮਾੜੀ” ਸ਼੍ਰੇਣੀ ‘ਚ ਦਰਜ ਕੀਤਾ ਗਿਆ ਸੀ। ਬਵਾਨਾ ਦਾ AQI ਗੰਭੀਰ ਸ਼੍ਰੇਣੀ ‘ਚ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਤਾਜ਼ਾ ਅੰਕੜਿਆਂ ਅਨੁਸਾਰ, ਬਵਾਨਾ ‘ਚ 403 ਦਾ AQI ਦਰਜ ਕੀਤਾ ਗਿਆ।
ਹੋਰ ਖੇਤਰਾਂ ‘ਚ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਆਨੰਦ ਵਿਹਾਰ ‘ਚ 368, ਰੋਹਿਣੀ 371, ਅਲੀਪੁਰ 362, ਅਸ਼ੋਕ ਵਿਹਾਰ 372, ਚਾਂਦਨੀ ਚੌਕ 367, ITO 380, ਜਹਾਂਗੀਰਪੁਰ 371, ਦਵਾਰਕਾ ਸੈਕਟਰ 8 313, ਅਤੇ IGI ਹਵਾਈ ਅੱਡਾ (T-3) 271 ਦਰਜ ਕੀਤਾ ਗਿਆ।
ਅਕਸ਼ਰਧਾਮ ਦੇ ਆਲੇ-ਦੁਆਲੇ ਦੇ ਦ੍ਰਿਸ਼, ਜਿੱਥੇ ਜ਼ਹਿਰੀਲੇ ਧੂੰਏਂ ਦੀ ਇੱਕ ਪਰਤ ਦਿਖਾਈ ਦੇ ਰਹੀ ਹੈ। CPCB ਦੇ ਮੁਤਾਬਕ ਇੱਥੇ AQI 368 ‘ਤੇ “ਬਹੁਤ ਮਾੜੀ” ਸ਼੍ਰੇਣੀ ‘ਚ ਬਣਿਆ ਹੋਇਆ ਹੈ। ਪਹਾੜਾਂ ਤੋਂ ਵਗਣ ਵਾਲੀਆਂ ਬਰਫੀਲੀਆਂ ਹਵਾਵਾਂ ਨੇ ਦਿੱਲੀ ‘ਚ ਠੰਢ ਅਤੇ ਪ੍ਰਦੂਸ਼ਣ ਵਧਾ ਦਿੱਤਾ ਹੈ। ਜਿਸ ਕਾਰਨ ਵਸਨੀਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਭਵਿੱਖਬਾਣੀ ਕੀਤੀ ਹੈ ਕਿ ਸੋਮਵਾਰ ਤੱਕ ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ‘ਚ ਰਹੇਗੀ। ਇਸ ਨਾਲ ਸਾਹ ਲੈਣ ਵਾਲੇ ਮਰੀਜ਼ਾਂ ਨੂੰ ਸਮੱਸਿਆਵਾਂ ਹੋਣਗੀਆਂ ਅਤੇ ਲੋਕਾਂ ਨੂੰ ਅੱਖਾਂ ‘ਚ ਜਲਣ ਵੀ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਉੱਤਰ-ਪੱਛਮ ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਵੀ ਇਹੀ ਦਿਸ਼ਾ ਅਤੇ ਗਤੀ ਰਹਿਣ ਦੀ ਉਮੀਦ ਹੈ।




