ਚੰਡੀਗੜ੍ਹ 20 ਜਨਵਰੀ 2023: ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਏਆਈਜੀ ਅਸ਼ੀਸ਼ ਕਪੂਰ (AIG Ashish Kapoor) ਨੂੰ ਹਾਈਕੋਰਟ ਵਲੋਂ ਕੋਈ ਰਾਹਤ ਨਹੀਂ ਮਿਲੀ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਵਿੱਚ ਰੈਗੂਲਰ ਜ਼ਮਾਨਤ ਦੀ ਮੰਗ ਸਬੰਧੀ ਹਾਈਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਸੁਣਵਾਈ 22 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਆਸ਼ੀਸ਼ ਕਪੂਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਿਪਨ ਘਈ ਨੇ ਕਿਹਾ ਕਿ ਇਸ ਪਟੀਸ਼ਨ ‘ਤੇ ਵੀਰਵਾਰ ਨੂੰ ਸੁਣਵਾਈ ਨਾ ਹੋਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਈ ਹੈ।
ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਨੇ 6 ਅਕਤੂਬਰ ਨੂੰ ਏਆਈਜੀ ਆਸ਼ੀਸ਼ ਕਪੂਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਇਹ ਮਾਮਲਾ 2016 ਦਾ ਹੈ, ਜਦੋਂ ਉਹ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਸੀ। ਇਲਜ਼ਾਮ ਹੈ ਕਿ ਪੂਨਮ ਰਾਜਨ ਆਪਣੀ ਮਾਂ ਪ੍ਰੇਮ ਲਤਾ, ਭਰਾ ਕੁਲਦੀਪ ਸਿੰਘ ਅਤੇ ਭਰਜਾਈ ਪ੍ਰੀਤੀ ਦੇ ਨਾਲ ਜ਼ੀਰਕਪੁਰ ਦੇ ਇੱਕ ਥਾਣੇ ਵਿੱਚ ਇੱਕ ਮਾਮਲੇ ਵਿੱਚ ਪੁਲਿਸ ਰਿਮਾਂਡ ਵਿੱਚ ਸੀ।
ਇਸ ਤੋਂ ਬਾਅਦ ਆਸ਼ੀਸ਼ ਕਪੂਰ ਪੁਲਿਸ ਸਟੇਸ਼ਨ ਗਿਆ ਅਤੇ ਕਥਿਤ ਤੌਰ ‘ਤੇ ਰਾਜਨ ਦੀ ਮਾਂ ਪ੍ਰੇਮ ਲਥਾ ਨੂੰ ਭਰੋਸਾ ਦਿਵਾਇਆ ਕਿ ਉਹ ਅਦਾਲਤ ਤੋਂ ਉਸਦੀ ਜ਼ਮਾਨਤ ਅਤੇ ਬਰੀ ਹੋਣ ਦਾ ਪ੍ਰਬੰਧ ਕਰੇਗਾ। ਦੋਸ਼ਾਂ ਮੁਤਾਬਕ ਉਨ੍ਹਾਂ ਨੇ ਇਸ ਬਦਲੇ ਵਿੱਚ ਇੱਕ ਕਰੋੜ ਦੀ ਰਿਸ਼ਵਤ ਲਈ ਸੀ।