ਏਡਜ਼ ਪੀੜਤ ਮਰੀਜਾਂ ਨੂੰ ਗਲ ਨਾਲ ਲਾਵੇਗੀ ਮਾਨ ਸਰਕਾਰ, ਮੁਫ਼ਤ ਸਫ਼ਰ ਸਹੂਲਤ ਤੇ ਮਿਲੇਗੀ 1500 ਰੁਪਏ ਵਿੱਤੀ ਸਹਾਇਤਾ
ਪੰਜਾਬ ਸਰਕਾਰ ਦਾ ਏਡਜ਼ ਪੀੜਤਾਂ ਨੂੰ ਸਨਮਾਨਜਨਕ ਜੀਵਨ ਜਿਊਣ ਦੇ ਯੋਗ ਬਣਾਉਣ ਦਾ ਉਪਰਾਲਾ
01 ਜਨਵਰੀ 2025: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਨੇ ਸਮਾਜ ‘ਚੋਂ ਦੁਰਕਾਰੇ ਏਡਜ਼ (AIDS) ਪੀੜਤਾਂ ਨੂੰ ਗਲ ਨਾਲ ਲਗਾਇਆ ਹੈ | ਪੰਜਾਬ ਸਰਕਾਰ ਨੇ ਐਚ.ਆਈ.ਵੀ.ਪੀੜਤਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਲਈ ਯੋਜਨਾ ਉਲੀਕੀ ਹੈ | ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਟੇਟ ਕੌਂਸਲ ਦੀ ਪਹਿਲੀ ਬੈਠਕ ‘ਚ ਵਿਲੱਖਣ ਯੋਜਨਾ ਉਲੀਕਦਿਆਂ ਪੀੜਤਾਂ ਲਈ ਰਾਹਤ ਵਾਲਾ ਵੱਡਾ ਕਦਮ ਚੁੱਕਿਆ ਹੈ |
ਇਸ ਯੋਜਨਾ ਤਹਿਤ ਸੂਬੇ ‘ਚ ਐਚ.ਆਈ.ਵੀ.ਪੀੜਤਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੀੜਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਦੇਵੇਗੀ |
ਪੰਜਾਬ ਸਰਕਾਰ ਦਾ ਇਹ ਫੈਸਲਾ ਲੋਕ ਭਲਾਈ ਸਕੀਮਾਂ ਲਈ ਅਗਾਂਹ-ਵਧੂ ਹੈ |ਜਿਸ ਤਹਿਤ ਏਡਜ਼ ਪੀੜਤਾਂ (AIDS Victims) ਦੀ ਮਾਨਸਿਕਤਾ ਬਦਲਣ ਅਤੇ ਮਜਬੂਤ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਹੈ। ਇਸ ਯੋਜਨਾ ਤਹਿਤ ਸਟੇਟ ਕੌਂਸਲ ਨੇ ਸੰਕਰਮਿਤ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਇਲਾਜ ਸਹੂਲਤ-ਐਂਟੀ-ਰੇਟਰੋਵਾਇਰਲ ਥੈਰੇਪੀ ਸੈਂਟਰ ਤੱਕ ਮਹੀਨੇ ਵਿੱਚ ਇੱਕ ਵਾਰ ਮੁਫ਼ਤ ਆਉਣ-ਜਾਣ ਦੀ ਸਹੂਲਤ ਦੇਣ ਸਬੰਧੀ ਪ੍ਰਸਤਾਵ ਵੀ ਪੇਸ਼ ਕੀਤਾ ਹੈ।
ਇਸ ਦੇ ਨਾਲ ਹੀ ਇੱਕ ਹੋਰ ਕਦਮ ਵਧਾਉਦਿਆਂ ਉਹਨਾਂ ਨੇ ਐਚ.ਆਈ.ਵੀ. ਨਾਲ ਜੂਝ ਰਹੇ ਵਿਅਕਤੀਆਂ ਲਈ ਟਾਸਕ ਫੋਰਸ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ, ਜਿਸਦਾ ਉਦੇਸ਼ ਉਹਨਾਂ ਦੀ ਰੁਜ਼ਗਾਰ ਯੋਗਤਾ ਵਿੱਚ ਵਾਧਾ ਕਰਨਾ ਅਤੇ ਉਹਨਾਂ ਨੂੰ ਸਨਮਾਨਜਨਕ ਜੀਵਨ ਜਿਉਣ ਦੇ ਯੋਗ ਬਣਾਉਣਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੇ ਸਾਲ ਤੋਂ ਅਜਿਹੇ ਪੀੜਤ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਰੋਜ ਮਰਾ ਦੀ ਜਿੰਦਗੀ ਨੂੰ ਸਮਝਣ ਅਤੇ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇੱਕ ਕਦਮ ਵਧਾਇਆ ਗਿਆ ਤਾਂ ਜੋ ਐਚ.ਆਈ.ਵੀ. ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਹਨਾਂ ਭਲਾਈ ਪ੍ਰੋਗਰਾਮਾਂ ਦੇ ਲਾਭ ਲੈਣ ਵਿੱਚ ਰੁਕਾਵਟਾਂ ਜਾਂ ਕਿਸੇ ਵਿਤਕਰੇ ਦਾ ਸਾਹਮਣਾ ਨਾ ਕਰਨਾ ਪਵੇ। ਐਚ.ਆਈ.ਵੀ.ਪੀੜਤਾਂ ਨੂੰ ਸਮਾਜ ‘ਚ ਮਾਣ-ਸਨਮਾਨ ਨਾਲ ਆਮ ਜੀਵਨ ਜਿਊਣ ਦਾ ਪੂਰਾ ਹੱਕ ਹੈ |